Data theft from facebook case : ਨਵੀਂ ਦਿੱਲੀ : ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਬ੍ਰਿਟੇਨ ਦੀ ਕੰਪਨੀ ਕੈਮਬ੍ਰਿਜ ਐਨਾਲਿਟਿਕ ਖਿਲਾਫ ਕੇਸ ਦਰਜ ਕੀਤਾ ਹੈ। 5.62 ਲੱਖ ਭਾਰਤੀ ਫੇਸਬੁੱਕ ਉਪਭੋਗਤਾਵਾਂ ਦਾ ਡਾਟਾ ਚੋਰੀ ਕਰਨ ਲਈ ਕੇਸ ਦਰਜ ਕੀਤਾ ਗਿਆ ਹੈ। ਸੀਬੀਆਈ ਨੇ ਇਸੇ ਕੇਸ ਵਿੱਚ ਬ੍ਰਿਟੇਨ ਦੀ ਇੱਕ ਹੋਰ ਕੰਪਨੀ ਗਲੋਬਲ ਸਾਇੰਸ ਰਿਸਰਚ ਦੇ ਖ਼ਿਲਾਫ਼ ਵੀ ਕਾਰਵਾਈ ਆਰੰਭ ਦਿੱਤੀ ਹੈ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਫੇਸਬੁੱਕ-ਕੈਮਬ੍ਰਿਜ ਐਨਾਲਿਟਿਕਾ ਡੇਟਾ ਚੋਰੀ ਮਾਮਲੇ ਦੀ ਜਾਂਚ ਸੀਬੀਆਈ ਕਰੇਗੀ। ਸੀਬੀਆਈ ਨੀ ਜਵਾਬ ਵਿੱਚ, ਸੋਸ਼ਲ ਮੀਡੀਆ ਕੰਪਨੀ ਵਲੋਂ ਦੱਸਿਆ ਗਿਆ ਹੈ ਕਿ ਗਲੋਬਲ ਸਾਇੰਸ ਰਿਸਰਚ ਨੇ ਗੈਰ ਕਾਨੂੰਨੀ ਢੰਗ ਨਾਲ 5.62 ਲੱਖ ਭਾਰਤੀ ਫੇਸਬੁੱਕ ਉਪਭੋਗਤਾਵਾਂ ਦਾ ਡਾਟਾ ਜਮ੍ਹਾ ਕੀਤਾ ਹੈ ਅਤੇ ਇਸ ਨੂੰ ਕੈਮਬ੍ਰਿਜ ਐਨਾਲਿਟਿਕਾ ਨਾਲ ਸਾਂਝਾ ਕੀਤਾ ਹੈ। ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਕੈਮਬ੍ਰਿਜ ਐਨਾਲਿਟਿਕਾ ਨੇ ਇਸ ਡਾਟੇ ਦੀ ਵਰਤੋਂ ਭਾਰਤ ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਮਾਰਚ 2018 ਵਿੱਚ ਕਈ ਅੰਤਰਰਾਸ਼ਟਰੀ ਮੀਡੀਆ ਪਲੇਟਫਾਰਮਸ ਨੇ ਕੈਮਬ੍ਰਿਜ ਐਨਾਲਿਟਿਕਾ ਦੇ ਸਾਬਕਾ ਕਰਮਚਾਰੀਆਂ, ਸਹਿਯੋਗੀਆਂ ਅਤੇ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਸੀ ਕਿ ਫਰਮ ਨੇ ਉਪਭੋਗਤਾਵਾਂ ਦੀ ਇਜਾਜ਼ਤ ਤੋਂ ਬਿਨਾਂ ਉਨ੍ਹਾਂ ਦੇ ਫੇਸਬੁੱਕ ਪ੍ਰੋਫਾਈਲਾਂ ਤੋਂ 5 ਕਰੋੜ ਤੋਂ ਵੱਧ ਉਪਭੋਗਤਾਵਾਂ ਦੀ ਨਿੱਜੀ ਜਾਣਕਾਰੀ ਇਕੱਠੀ ਕੀਤੀ ਸੀ। 3 ਅਪ੍ਰੈਲ, 2018 ਨੂੰ ਕੰਪਨੀ ਨੇ ਦੱਸਿਆ ਕਿ ਇਸ ਵਿੱਚ ਭਾਰਤੀਆਂ ਦਾ ਕੋਈ ਫੇਸਬੁੱਕ ਡਾਟਾ ਨਹੀਂ ਹੈ। ਇਸਦੇ ਉਲਟ, ਫੇਸਬੁੱਕ ਨੇ 5 ਅਪ੍ਰੈਲ, 2018 ਨੂੰ ਭਾਰਤ ਸਰਕਾਰ ਨੂੰ ਦੱਸਿਆ ਸੀ ਕਿ ਕੈਮਬ੍ਰਿਜ ਐਨਾਲਿਟਿਕਾ ਨੇ ਇਨਸਟਾਲ ਐਪ ਰਾਹੀਂ ਲੱਗਭਗ 5,62,455 ਭਾਰਤੀਆਂ ਦੇ ਫੇਸਬੁੱਕ ਡੇਟਾ ਤੱਕ ਪਹੁੰਚ ਕੀਤੀ ਸੀ। ਹੁਣ ਇਸ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਸੀਬੀਆਈ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।