Police farmers meeting : ਅੱਜ ਕਿਸਾਨ ਅੰਦੋਲਨ ਦਾ 59 ਵਾਂ ਦਿਨ ਹੈ। ਕੜਾਕੇ ਦੀ ਠੰਡ ਦੇ ਬਾਵਜੂਦ ਕਿਸਾਨ ਲਗਾਤਾਰ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ। ਅੰਦੋਲਨ ਦੇ ਵਿਚਕਾਰ ਕੱਲ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਵਿਗਿਆਨ ਭਵਨ ਵਿੱਚ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਦੇ ਮੰਤਰੀ ਮੇਜ਼ ‘ਤੇ ਆਹਮੋ-ਸਾਹਮਣੇ ਹੋਏ ਸੀ। ਸਰਕਾਰ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ, ਪਰ ਕਿਸਾਨਾਂ ਨੇ ਇਸ ਨੂੰ ਦੁਬਾਰਾ ਰੱਦ ਕਰ ਦਿੱਤਾ ਸੀ। ਇਸ ਕਾਰਨ ਦੋਵਾਂ ਪਾਸਿਆਂ ਤੋਂ ਫਿਰ ਤਣਾਅ ਵੱਧ ਗਿਆ ਸੀ। ਇਸ ਵਿਚਕਾਰ ਕੱਲ ਫਿਰ ਕਿਸਾਨ ਆਗੂਆਂ ਦੇ ਵਲੋਂ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਵਲੋਂ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਜਾਵੇਗੀ।
ਹਾਲਾਂਕਿ 26 ਜਨਵਰੀ ਨੂੰ ਕਿਸਾਨਾਂ ਦੀ ਟਰੈਕਟਰ ਪਰੇਡ ਸਬੰਧੀ ਅਜੇ ਵੀ ਸਥਿੱਤੀ ਸਪਸ਼ਟ ਨਹੀਂ ਹੈ। ਇਸੇ ਨੂੰ ਲੈ ਕੇ ਅੱਜ ਫਿਰ ਇੱਕ ਵਾਰ ਦਿੱਲੀ ਪੁਲਿਸ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਇੱਕ ਮੀਟਿੰਗ ਹੋਵੇਗੀ ਜਿਸ ਵਿੱਚ ਟਰੈਕਟਰ ਪਰੇਡ ਦੇ ਰੂਟ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ। ਹੁਣ ਸਭ ਦੀਆ ਨਜ਼ਰਾਂ ਅੱਜ ਦੀ ਇਸ ਮੀਟਿੰਗ ਤੇ ਹਨ, ਕਿ ਦਿੱਲੀ ਪੁਲਿਸ ਦੇ ਵਲੋਂ ਕੀ ਫੈਸਲਾ ਲਿਆ ਜਾਂਦਾ ਹੈ ਅਤੇ ਉਸ ‘ਤੇ ਕੀ ਕਿਸਾਨ ਉਸ ‘ਤੇ ਰਾਜ਼ੀ ਹੋਣਗੇ ਜਾਂ ਨਹੀਂ।