SMO refused medical examination : ਗੁਰਦਾਸਪੁਰ : ਇੱਕ 10 ਸਾਲਾ ਬਲਾਤਕਾਰ ਪੀੜਤ ਲੜਕੀ ਦੀ ਮੈਡੀਕਲ ਜਾਂਚ ਨਾ ਕੀਤੇ ਜਾਣ ਦੇ ਦੋਸ਼ ਵਿੱਚ ਗੁਰਦਾਸਪੁਰ ਸਿਵਲ ਹਸਪਤਾਲ ਦੇ ਐਸਐਮਓ ਡਾ. ਚੇਤਨਾ ਵਿਰੁੱਧ ਦੋਹਰੀ ਜਾਂਚ ਦੀ ਸ਼ੁਰੂਆਤ ਕੀਤੀ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਵਲ ਸਰਜਨ (ਸੀਐਸ) ਡਾ: ਵਰਿੰਦਰ ਜਗਤ ਨੂੰ 72 ਘੰਟਿਆਂ ਵਿੱਚ ਘਟਨਾ ਨੂੰ ਅੰਜਾਮ ਦੇਣ ਵਾਲੇ ਘਟਨਾਕ੍ਰਮ ਦੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ, ਜੋਕਿ ਸੀਐਸ ਵੱਲੋਂ ਸੋਮਵਾਰ ਨੂੰ ਪੇਸ਼ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਐਤਵਾਰ ਨੂੰ ਧਾਰੀਵਾਲ ਪੁਲਿਸ ਸਬ-ਡਵੀਜ਼ਨ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਇੱਕ ਪਿੰਡ ਵਿੱਚ ਇੱਕ 10 ਸਾਲਾ ਲੜਕੀ ਨਾਲ ਬਲਾਤਕਾਰ ਕੀਤਾ ਗਿਆ। ਪੁਲਿਸ ਨੇ ਐਫਆਈਆਰ ਦਰਜ ਕੀਤੀ ਜਿਸ ਦੇ ਬਾਅਦ ਡੀਐਸਪੀ (ਧਾਰੀਵਾਲ) ਕੁਲਵਿੰਦਰ ਸਿੰਘ ਵਿਰਕ ਦੀ ਮਹਿਲਾ ਅਧਿਕਾਰੀ ਨੂੰ ਪੀੜਤ ਲੜਕੀ ਅਤੇ ਉਸ ਦੀ ਮਾਂ ਦੇ ਨਾਲ ਗੁਰਦਾਸਪੁਰ ਸਿਵਲ ਹਸਪਤਾਲ ਵਿਖੇ ਡਾਕਟਰੀ ਜਾਂਚ ਕਰਵਾਉਣ ਲਈ ਭੇਜਿਆ ਗਿਆ। ਸਿਵਲ ਹਸਪਤਾਲ ਦੀ ਐਸਐਮਓ ਡਾ. ਚੇਤਨਾ ਨੇ ਕਥਿਤ ਤੌਰ ‘ਤੇ ਅਧਿਕਾਰ ਖੇਤਰ ਦੀਆਂ ਸਮੱਸਿਆਵਾਂ ’ਦਾ ਹਵਾਲਾ ਦਿੰਦੇ ਹੋਏ ਮੈਡੀਕਲ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ। ਉਸਨੇ ਦਾਅਵਾ ਕੀਤਾ ਕਿ ਪੀੜਤ ਲੜਕੀ ਦੀ ਕਾਹਨੂੰਵਾਨ ਦੇ ਸਰਕਾਰੀ ਹਸਪਤਾਲ ਵਿਖੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਜਿਸ ਦੇ ਅਧਿਕਾਰ ਖੇਤਰ ਵਿੱਚ ਇਹ ਜੁਰਮ ਹੋਇਆ ਸੀ।
ਐਸਐਮਓ ਦੇ ਇਸ ਤਰ੍ਹਾਂ ਇਨਕਾਰ ਕਰਨ ਦਾ ਐਸਐਸਪੀ ਰਜਿੰਦਰ ਸਿੰਘ ਸੋਹਲ ਨੇ ਸਖ਼ਤ ਵਿਰੋਧ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਨਿਯਮਾਂ ਅਨੁਸਾਰ ਜਿੱਥੇ ਕਾਨੂੰਨ ਵਿਵਸਥਾ ਦੀ ਸਮੱਸਿਆ ਪੈਦਾ ਹੋਣ ਦੀ ਸੰਭਾਵਨਾ ‘ਤੇ ਅਧਿਕਾਰ ਖੇਤਰ ਦੀਆਂ ਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ। ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਐਸਐਸਪੀ ਰਜਿੰਦਰ ਸਿੰਘ ਸੋਹਲ ਦੀ ਜ਼ੁਬਾਨੀ ਸ਼ਿਕਾਇਤ ਤੋਂ ਬਾਅਦ ਬਲਾਤਕਾਰ ਪੀੜਤ 10 ਸਾਲਾ ਲੜਕੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.) ਸਮੇਤ ਸਿਵਲ ਹਸਪਤਾਲ ਦੇ ਡਾਕਟਰਾਂ ਦੀ ਕਥਿਤ ਤੌਰ ‘ਤੇ ਜਾਂਚ ਸ਼ੁਰੂ ਕਰ ਕੀਤੀ ਹੈ। ਡੀਸੀ ਮੁਹੰਮਦ ਇਸ਼ਫਾਕ ਨੇ ਪਰਸੋਨਲ ਸ਼ਿਕਾਇਤ ਅਫਸਰ ਅਮਨਦੀਪ ਕੌਰ ਨੂੰ ਇੱਕ ਹਫ਼ਤੇ ਵਿੱਚ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਦੱਸਣਯੋਗ ਹੈ ਕਿ ਸਿਵਲ ਸਰਜਨ ਡਾ: ਵਰਿੰਦਰ ਜਗਤ ਨੇ ਐਸਐਮਓ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਜੇਕਰ ਕੋਈ ਮਰੀਜ਼ ਸਥਿਰ ਹੈ, ਤਾਂ ਉਸਨੂੰ ਹਸਪਤਾਲ ਵਿੱਚ ਭੇਜਿਆ ਜਾ ਸਕਦਾ ਹੈ ਜਿਸ ਦੇ ਅਧਿਕਾਰ ਖੇਤਰ ਵਿੱਚ ਇਹ ਜੁਰਮ ਹੋਇਆ ਸੀ। ਉਨ੍ਹਾਂ ਕਿਹਾ ਸੀ ਕਿ ਐਸਐਮਓ ਨੇ ਕੁਝ ਵੀ ਗਲਤ ਨਹੀਂ ਕੀਤਾ।