Tenth Guru fighting the eagle : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੱਗਣ ਦੀ ਪੂਰਨਮਾਸੀ ਨੂੰ ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਵਾਲੇ ਸਥਾਨ ‘ਤੇ ਆਏ ਸਨ । ਗੁਰੂ ਸਾਹਿਬ ਦੇ ਨਾਲ ਮਾਮਾ ਕ੍ਰਿਪਾਲ ਚੰਦ ਜੀ, ਕਈ ਸਿੱਖ, ਨੀਲਾ ਘੋੜਾ ਤੇ ਚਿੱਟਾ ਬਾਜ਼ ਸਨ। ਗੁਰੂ ਸਾਹਿਬ ਸ਼ਿਕਾਰ ਖੇਡਦੇ ਹੋਏ ਉਸ ਸਥਾਨ ‘ਤੇ ਆਏ। ਸ਼ਹਿਰ ਦਾ ਪੀਰ ਅਮੀਰ ਦੀਨ ਆਪਣੇ ਬਾਗ ਵਿਚ ਬਾਜ ਲੈ ਕੇ ਖੜ੍ਹਾ ਸੀ। ਜਦੋਂ ਉਸ ਨੇ ਗੁਰੂ ਸਾਹਿਬ ਦਾ ਚਿੱਟਾ ਬਾਜ਼ ਦੇਖਿਆ ਤਾਂ ਪੀਰ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਬਾਜ ਨਾਲ ਆਪਣਾ ਬਾਜ ਲੜਾਓ।
ਗੁਰੂ ਸਾਹਿਬ ਅੰਤਰਜਾਮੀ ਸਨ। ਉਹ ਸਮਝ ਗਏ ਕਿ ਪੀਰ ਨੀਤੀ ਨਾਲ ਬਾਜ ਲੈਣਾ ਚਾਹੁੰਦਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਬਾਜ ਨੂੰ ਚਿੜੀਆਂ ਨਾਲ ਲੜਾਵਾਂਗੇ। ਪੀਰ ਨੇ ਕਿਹਾ ਚਿੜੀਆਂ ਬਾਜ ਦੀ ਖੁਰਾਕ ਹਨ। ਇਸ ਕਰਕੇ ਇਹ ਬਾਜ ਨਾਲ ਨਹੀਂ ਲੜ੍ਹ ਸਕਦੀਆਂ। ਗੁਰੂ ਸਾਹਿਬ ਨੇ ਦੂਜੀ ਵਾਰੀ ਵੀ ਇਸੇ ਤਰ੍ਹਾਂ ਹੀ ਕਿਹਾ। ਪੀਰ ਨੇ ਗੁੱਸੇ ਵਿਚ ਆ ਕੇ ਕਿਹਾ, ਕੱਢੋ ਚਿੜੀਆਂ ਕਿਥੇ ਹਨ ।
ਗੁਰੂ ਸਾਹਿਬ ਦੇ ਸਾਹਮਣੇ ਉਸ ਇਤਿਹਾਸਕ ਸਥਾਨ ‘ਤੇ ਕੇਵਲ ਦੋ ਚਿੜੀਆਂ ਬੈਠੀਆਂ ਸਨ। ਇਸ ਪਵਿੱਤਰ ਅਸਥਾਨ ‘ਤੇ ਗੁਰੂ ਸਾਹਿਬ ਨੇ ਖੜ੍ਹੇ ਹੋ ਕੇ ਰੂਹਾਨੀ ਤੇ ਜਿਸਮਾਨੀ ਸ਼ਕਤੀ ਦਾ ਵਰਦਾਨ ਦੇ ਕੇ ਚਿੜੀਆਂ ਨੂੰ ਹੁਕਮ ਦਿੱਤਾ ਕਿ ਬਾਜ ਨਾਲ ਲੜੋ, ਬਸ ਹੁਕਮ ਹੋਇਆ ਬਾਜ ਅਤੇ ਚਿੜੀਆਂ ਲੜਨਾ ਸ਼ੁਰੂ ਹੋ ਗਈਆਂ। ਲੜਦੇ- ਲੜਦੇ ਚਿੜੀਆਂ ਨੇ ਬਾਜ ਨੂੰ ਬੜਾ ਭਾਰੀ ਜਖਮੀ ਕਰ ਦਿੱਤਾ। ਇਸ ਅਸਥਾਨ ਵਿਖੇ ਚਿੜੀਆਂ ਨੇ ਪੀਰ ਦੇ ਬਾਜ ਨੂੰ ਮਾਰ ਗਿਰਾਇਆ ਤੇ ਗੁਰੂ ਜੀ ਨੇ ਬਚਨ ਉਚਾਰੇ, “ਚਿੜੀਆਂ ਸੇ ਮੈਂ ਬਾਜ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ” ਸਵਾ ਲਾਖ ਸੇ ਏਕ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ”।