Gurdwara Malri Sahib : ਬਾਬਾ ਮੱਲ ਜੀ ਦਾ ਜਨਮ ਲਾਹੌਰ ਵਿੱਚ 1499 ਈਸਵੀ ਨੂੰ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਦੋਲਾਂ ਅਤੇ ਮਾਤਾ ਦਾ ਨਾਮ ਨਰੈਣਾ ਸੀ।ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਮੱਲ ਜੀ ਦਾ ਜਨਮ ਨਗਰ ਮਾਲੜੀ ਵਿੱਚ ਹੀ ਹੋਇਆ, ਜੋ ਕਿ ਉਸ ਸਮੇਂ ਦੀ ਮੋਚੀ ਜਾਤੀ ਨਾਲ ਸੰਬੰਧ ਰੱਖਦੇ ਹਨ। ਇਹ ਕਿੱਤਾ ਉਨ੍ਹਾਂ ਦਾ ਪਿਤਾ ਪੁਰਖੀ ਕਿੱਤਾ ਸੀ। ਬਾਬਾ ਮੱਲ ਜੀ ਆਪਣੀ ਇੱਕ ਕੁਟੀਆ ਵਿਚ ਜੋੜੇ ਸੀਊਣ ਦਾ ਕੰਮ ਕਰਦੇ ਤੇ ਹਮੇਸ਼ਾਂ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਰਹਿੰਦੇ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਪਿੰਡ ਮਾਉ ਦੇ ਵਸਨੀਕ ਕਿਸ਼ਨ ਚੰਦ ਤੇ ਮਾਤਾ ਧਨਵੰਤੀ ਦੀ ਬੇਟੀ ਗੰਗਾ ਜੀ ਨਾਲ ਸੰਨ 1589 ਈਸਵੀ ਨੂੰ ਹੋਣਾ ਤੈਅ ਹੋਇਆ ਸੀ।
ਗੁਰੂ ਜੀ ਅੰਮ੍ਰਿਤਸਰ ਤੋਂ ਬਰਾਤ ਲੈ ਕੇ ਰਾਹ ਵਿੱਚ ਪੜਾਅ ਕਰਦੇ ਹੋਏ ਮਾਉ ਸਾਹਿਬ ਜਾ ਰਹੇ ਸਨ। ਰਸਤੇ ਵਿਚ ਉਨ੍ਹਾਂ ਇੱਕ ਪੜਾਅ ਪਿੰਡ ਮਾਲੜੀ ਵਿਖੇ ਬਾਬਾ ਮੱਲ ਜੀ ਦੇ ਅਸਥਾਨ ‘ਤੇ ਕੀਤਾ। ਬਾਬਾ ਮੱਲ ਜੀ ਨੇ ਗੁਰੂ ਜੀ ਦੇ ਚਰਨੀ ਸੀਸ ਨਿਵਾਇਆ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਆਨੰਦ ਮਹਿਸੂਸ ਕਰਨ ਲੱਗਾ। ਬਾਬਾ ਮੱਲ ਜੀ ਨੇ ਸਾਰੇ ਬਰਾਤੀ ਗੁਰਸਿੱਖਾਂ ਦਾ ਬਹੁਤ ਹੀ ਮਾਣ ਸਨਮਾਨ ਕੀਤਾ ਤੇ ਜਲਪਾਨ ਕਰਾਇਆ। ਇਸ ਜਗ੍ਹਾ ਸ੍ਰੀ ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਮੱਲ ਜੀ ਤੇ ਹੋਰ ਬਰਾਤੀ ਸੱਜਣਾਂ ਨੇ ਕਥਾ ਕੀਰਤਨ ਕੀਤਾ ਤੇ ਇਲਾਕੇ ਦੀਆਂ ਹੋਰ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਇਸੇ ਅਸਥਾਨ ‘ਤੇ ਇਕੱਤਰ ਹੋ ਗਈਆਂ। ਬਾਬਾ ਮੱਲ ਜੀ ਨੇ ਆਪਣੀ ਹੱਥੀਂ ਤਿਆਰ ਕੀਤਾ ਹੋਇਆ ਸੁੰਦਰ ਜੋੜਾ ਗੁਰੂ ਜੀ ਦੇ ਚਰਨਾਂ ਵਿੱਚ ਭੇਂਟ ਕੀਤਾ। ਗੁਰੂ ਜੀ ਨੂੰ ਜੋੜਾ ਪਹਿਨਾ ਕੇ ਬਾਬਾ ਮੱਲ ਜੀ ਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ। ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦਾਤਾਰ ਪਾਤਸ਼ਾਹ ਜੀ, ਮੇਰੇ ਸਰੀਰ ਵਿੱਚ ਦਰਦਾਂ ਦਾ ਰੋਗ ਹੈ। ਜਿਸ ਕਰਕੇ ਮੈਂ ਚੱਲਣ-ਫਿਰਨ ਤੋਂ ਅਸਮਰੱਥ ਹੁੰਦਾ ਜਾ ਰਿਹਾ ਹਾਂ।ਮੇਰੀ ਬੇਨਤੀ ਪ੍ਰਵਾਨ ਕਰਦੇ ਹੋਏ ਮੇਰਾ ਦਰਦਾਂ ਦਾ ਰੋਗ ਦੂਰ ਕਰਕੇ ਮੈਨੂੰ ਕ੍ਰਿਤਾਰਥ ਕਰੋ। ਮੈਂ ਬਹੁਤ ਦਵਾ ਦਾਰੂ ਵੀ ਕੀਤੀ ਤੇ ਕਈ ਮੰਨਤਾਂ ਵੀ ਮੰਨ ਚੁੱਕਾ ਹਾ ਪਰ ਕੋਈ ਫਰਕ ਨਹੀਂ ਪਿਆ, ਸਗੋਂ ਦਿਨ ਪ੍ਰਤੀ ਦਿਨ ਦੁੱਖ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ।
ਮੇਰੇ ‘ਤੇ ਕ੍ਰਿਪਾ ਕਰੋ ਕਿ ਮੇਰਾ ਇਹ ਰੋਗ ਜਾਂਦਾ ਰਹੇ। ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਦੇ ਸ਼ਰਧਾ ਭਰੇ ਬਚਨ ਸੁਣ ਕੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰਕੇ ਬਚਨ ਦਿੰਦੇ ਹਾਂ ਕਿ ਤੇਰੇ ਸਰੀਰ ਵਿੱਚ ਜੋ ਦਰਦਾਂ ਦਾ ਰੋਗ ਹੈ, ਜਿਸ ਕਰਕੇ ਤੇਰਾ ਸਾਰਾ ਸਰੀਰ ਜਕੜਿਆ ਹੋਇਆ ਹੈ। ਇਹ ਦਰਦਾਂ ਠੀਕ ਹੋ ਜਾਣਗੀਆਂ ਅਤੇ ਨਾਲ ਹੀ ਗੁਰੂ ਅਰਜਨ ਦੇਵ ਜੀ ਨੇ ਵਰ ਵੀ ਦਿੱਤਾ ਕਿ ਜੋ ਕੋਈ ਵੀ ਸਰੀਰਕ ਦਰਦਾਂ ਦਾ ਮਾਰਿਆ ਰੋਗੀ ਤੇਰੇ ਇਸ ਅਸਥਾਨ ‘ਤੇ ਆਵੇਗਾ ਅਤੇ ਇਸ ਅਸਥਾਨ ਦੀ ਚਰਨ ਧੂੜ ਆਪਣੇ ਸਰੀਰ ਤੇ ਮਲ਼ੇਗਾ ਅਤੇ 5 ਚੌਂਕੀਆਂ ਇਸ ਅਸਥਾਨ ‘ਤੇ ਭਰੇਗਾ, ਉਸ ਨੂੰ ਦਰਦਾਂ ਦੇ ਰੋਗ ਤੋਂ ਨਵਿਰਤੀ ਮਿਲ ਜਾਵੇਗੀ। ਤੁਹਾਡਾ ਨਾਂ ਦੇਸ਼ਾਂ-ਪ੍ਰਦੇਸ਼ਾਂ ਵਿੱਚ ਪ੍ਰਸਿੱਧ ਹੋਵੇਗਾ।
ਗੁਰੂ ਅਰਜਨ ਦੇਵ ਜੀ ਨੇ ਬਾਬਾ ਮੱਲ ਜੀ ਦੀ ਭਗਤੀ ਤੇ ਸਿਮਰਨ ਦੇਖ ਕੇ ਉਨ੍ਹਾਂ ਨੂੰ ਵਰ ਦਿੱਤਾ ਕਿ ਤੁਸੀਂ ਵੀ ਰੋਗ ਕੱਟਣ ਦੇ ਸਮਰੱਥ ਹੋ ਗਏ ਹੋ। ਤੁਸੀਂ ਵਡਭਾਗੀ ਹੋ ਕਿ ਪ੍ਰਮਾਤਮਾ ਦੀ ਤੁਹਾਡੇ ਤੇ ਅਪਾਰ ਕ੍ਰਿਪਾ ਹੋਈ ਹੈ। ਜੋ ਪ੍ਰਾਣੀ ਦਰਦਾਂ ਦੇ ਰੋਗ ਦਾ ਗਰੱਸਿਆ ਹੋਇਆ ਇਸ ਅਸਥਾਨ ਤੇ ਆ ਕੇ ਗੁਰੂ ਜਸ ਸੁਣੇਗਾ ਤੇ ਸੱਤ ਚੌਂਕੀਆਂ ਭਰੇਗਾ ਉਹ ਇਹ ਦਰਦਾਂ ਦੇ ਰੋਗ ਤੋਂ ਮੁਕਤੀ ਪ੍ਰਾਪਤ ਕਰ ਲਵੇਗਾ। ਬਾਬਾ ਮੱਲ ਜੀ ਦੀ ਉਹ ਕੁਟੀਆ ਜਿਥੇ ਗੁਰੂ ਅਰਜਨ ਦੇਵ ਜੀ ਤੇ ਗੁਰਸਿੱਖਾਂ ਨੇ ਚਰਨ ਪਾਏ ਸਨ ਉਥੇ ਅੱਜ ਗੁਰਦੁਆਰਾ ਮਾਲੜੀ ਸਾਹਿਬ (ਬਾਬਾ ਮੱਲ ਜੀ) ਸੁਸ਼ੋਭਿਤ ਹੈ। ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿੱਚ ਪੈਂਦੇ ਮਾਲੜੀ ਪਿੰਡ ਦੇ ਇਸ ਗੁਰਦੁਆਰਾ ਸਾਹਿਬ ਵਿੱਚ ਹਰ ਸ਼ਨੀਵਾਰ ਦੀਵਾਨ ਸੱਜਦੇ ਹਨ ਤੇ ਹਜ਼ਾਰਾਂ ਦੀ ਤਦਾਦ ਵਿੱਚ ਸ਼ਰਧਾਲੂ ਆਕੇ ਹਾਜ਼ਰੀ ਭਰਦੇ ਹਨ ਤੇ ਆਪਣੀ ਦੇਹ ਦੇ ਦੁੱਖਾਂ ਤੋਂ ਛੁਟਕਾਰਾ ਪਾਉਂਦੇ ਹਨ।