Blanket of fog shrouds Delhi: ਦਿੱਲੀ-ਐਨਸੀਆਰ ਵੀਰਵਾਰ ਦੀ ਸਵੇਰ ਨੂੰ ਇੱਕ ਵਾਰ ਫਿਰ ਧੁੰਦ ਦੀ ਚਾਦਰ ਵਿੱਚ ਲਪੇਟਿਆ ਵੇਖਿਆ ਗਿਆ । ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਧੁੰਦ ਦੇ ਨਾਲ ਹੀ ਕੜਾਕੇ ਦੀ ਠੰਡ ਵੀ ਪੈ ਰਹੀ ਹੈ। ਉੱਥੇ ਹੀ ਉੱਤਰ ਭਾਰਤ ਠੰਡ ਨਾਲ ਬੁਰੀ ਤਰ੍ਹਾਂ ਕੰਬ ਰਿਹਾ ਹੈ। ਇਸਦੇ ਨਾਲ ਹੀ ਧੁੰਦ ਦਾ ਕਹਿਰ ਜਾਰੀ ਹੈ। ਪਹਾੜੀ ਇਲਾਕਿਆਂ ਵਿੱਚ ਤਾਪਮਾਨ ਵਿੱਚ ਆਈ ਗਿਰਾਵਟ ਨੇ ਲੋਕਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਕੀਤਾ ਹੈ । ਵਿਜ਼ੀਬਿਲਿਟੀ ਦੀ ਕਮੀ ਦੇ ਕਾਰਨ 28 ਜਨਵਰੀ ਨੂੰ 17 ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਦੇ ਅਨੁਮਾਨਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਜਲਦੀ ਹੀ ਠੰਡ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਵੀਰਵਾਰ ਸਵੇਰੇ ਦਿੱਲੀ ਅਤੇ ਨਾਲ ਲੱਗਦੇ ਨੋਇਡਾ, ਗੁੜਗਾਓਂ, ਫਰੀਦਾਬਾਦ ਅਤੇ ਗਾਜ਼ੀਆਬਾਦ ਵਿੱਚ ਧੁੰਦ ਪੈਣ ਕਾਰਨ ਵਿਜ਼ੀਬਿਲਿਟੀ ਘੱਟ ਕੇ ਕੁਝ ਮੀਟਰ ਹੀ ਰਹਿ ਗਈ ਹੈ । ਧੁੰਦ ਇੰਨੀ ਸੰਘਣੀ ਸੀ ਕਿ 10 ਤੋਂ 15 ਮੀਟਰ ਤੱਕ ਵੀ ਕੁਝ ਵੇਖਣਾ ਮੁਸ਼ਕਿਲ ਹੋ ਗਿਆ। ਦਿੱਲੀ ਵਿੱਚ ਧੁੰਦ ਦੇ ਨਾਲ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਇਸਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ।
ਇਸ ਸਬੰਧੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਚਾਰ ਡਿਗਰੀ ਸੈਲਸੀਅਸ ਤੱਕ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ ਸ਼ੀਤ ਲਹਿਰ ਜਾਰੀ ਰਹਿ ਸਕਦੀ ਹੈ । ਉਨ੍ਹਾਂ ਕਿਹਾ ਕਿ ਮੈਦਾਨੀ ਇਲਾਕਿਆਂ ਵਿੱਚ ਚੱਲ ਰਹੀਆਂ ਬਰਫੀਲੀ ਹਵਾਵਾਂ ਕਾਰਨ ਪਾਰਾ ਹੋਰ ਹੇਠਾਂ ਆ ਸਕਦਾ ਹੈ । ਦੱਸ ਦੇਈਏ ਕਿ ਮੈਦਾਨੀ ਇਲਾਕਿਆਂ ਵਿੱਚ ਜੇ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਸੈਲਸੀਅਸ ‘ਤੇ ਆ ਜਾਂਦਾ ਹੈ, ਆਈਐਮਡੀ ਸ਼ੀਤ ਲਹਿਰ ਦਾ ਐਲਾਨ ਕਰ ਦਿੰਦਾ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਫਤੇ ਦੇ ਅੰਤ ਤੱਕ ਉੱਤਰ ਪੱਛਮੀ ਭਾਰਤ ਦੇ ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ ਰਿਕਾਰਡ ਹੋਵੇਗਾ । ਇਸਦੇ ਨਾਲ-ਨਾਲ ਸ਼ੀਤ ਲਹਿਰ ਅਤੇ ਠੰਡੇ ਦਿਨ ਦੇ ਹਾਲਾਤ ਵੀ ਵੇਖੇ ਜਾ ਸਕਦੇ ਹਨ। ਉੱਤਰ ਪੱਛਮੀ ਭਾਰਤ ਦੇ ਕਈ ਸ਼ਹਿਰਾਂ ਵਿੱਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ । ਰਾਜਸਥਾਨ ਦੇ ਚੁਰੂ ਵਿੱਚ 2.1 ਡਿਗਰੀ ਸੈਲਸੀਅਸ, ਆਮ ਨਾਲੋਂ 4.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ।
ਦੱਸ ਦੇਈਏ ਕਿ 1 ਫਰਵਰੀ ਤੋਂ ਪੱਛਮੀ ਹਿਮਾਲਿਆਈ ਖੇਤਰ ਵਿੱਚ ਇੱਕ ਤਾਜ਼ਾ ਪੱਛਮੀ ਗੜਬੜੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। 1 ਤੋਂ 3 ਫਰਵਰੀ ਦੇ ਦੌਰਾਨ ਪੱਛਮੀ ਹਿਮਾਲਿਆ ਖੇਤਰ ਵਿੱਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਪਹਾੜਾਂ ‘ਤੇ ਮੌਸਮ ਵਿੱਚ ਆਈ ਇਸ ਤਬਦੀਲੀ ਕਾਰਨ ਇਹ ਬਦਲਾਅ ਮੈਦਾਨੀ ਇਲਾਕਿਆਂ ਵਿੱਚ ਵੀ ਵੇਖਣ ਨੂੰ ਮਿਲੇਗਾ।