Sukhmani Sahib (Part Third) : ਸੁਖਮਨੀ ਸਾਹਿਬ ਦੀਆਂ ਚੌਵੀ ਅਸ਼ਟਪਦੀਆਂ ਹਨ ਅਤੇ ਹਰ ਇੱਕ ਦੇ ਅੱਠ ਬੰਦ ਹਨ। ਇਹ ਚੌਪਈ ਛੰਦ ਵਿੱਚ ਰਚੇ ਗਏ ਹਨ। ਹਰ ਅਸ਼ਟਪਦੀ ਤੋਂ ਪਹਿਲਾਂ ਇੱਕ ਸਲੋਕ ਆਉਂਦਾ ਹੈ। ਸਲੋਕ ਵਿੱਚ ਆਏ ਮੁੱਖ ਵਿਚਾਰ ਨੂੰ ਅਸ਼ਟਪਦੀ ਦੇ ਪਹਿਲੇ ਸੱਤ ਪਦਿਆਂ ਵਿੱਚ ਬਿਆਨ ਕੀਤਾ ਗਿਆ ਹੈ ਅਤੇ ਅਠਵੇਂ ਵਿੱਚ ਕਈ ਵਾਰੀ ਸਾਰੀ ਅਸ਼ਟਪਦੀ ਦਾ ਮੁੱਖ ਵਿਚਾਰ ਸਾਰ ਰੂਪ ਵਿੱਚ ਆ ਜਾਂਦਾ ਹੈ। ਇਸ ਢਾਂਚੇ ਨੂੰ ਸਾਰੀ ਅਸ਼ਟਪਦੀ ਵਿੱਚ ਕਾਇਮ ਰੱਖਿਆ ਗਿਆ ਹੈ ਅਤੇ ਭਾਵੇਂ ਇੱਕ ਅਸ਼ਟਪਦੀ ਤੋਂ ਦੂਸਰੀ ਅਸ਼ਟਪਦੀ ਤੱਕ ਕਿਸੇ ਦਾਰਸ਼ਨਿਕ ਰਚਨਾ ਦੀ ਤਰ੍ਹਾਂ ਵਿਚਾਰ ਦਾ ਵਿਕਾਸ ਸਪੱਸ਼ਟ ਦਿਖਾਈ ਨਹੀਂ ਦਿੰਦੀ ਪਰ ਫਿਰ ਵੀ ਇਸ ਵਿੱਚ ਅਧਿਆਤਮਿਕ ਅਤੇ ਨੈਤਿਕ ਭਾਵਾਂ ਦੀ ਲੜੀ ਦੀ ਇਕਜੁਟਤਾ ਸਾਫ ਦਿਖਾਈ ਦਿੰਦੀ ਹੈ।
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥ ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥ ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥ ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥ ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥ ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥ ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥ ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥ ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥ ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥ {ਪੰਨਾ 262}
ਪ੍ਰਭੂ ਦਾ ਸਿਮਰਨ ਕਰਨ ਨਾਲ ਜੀਵ ਗਰਭ (ਜਨਮ) ਵਿਚ ਨਹੀਂ ਆਉਂਦਾ, ਜੀਵ ਦਾ ਦੁਖ ਤੇ ਜਮਾਂ ਦੇ ਡਰ ਦਾ ਨਾਸ਼ ਹੋ ਜਾਂਦਾ ਹੈ। ਮੌਤ ਦਾ ਭਉ ਪਰੇ ਹਟ ਜਾਂਦਾ ਹੈ, ਵਿਕਾਰ ਰੂਪੀ ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਦੇ ਸਿਮਰਨ ਨਾਲ ਜ਼ਿੰਦਗੀ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪੈਂਦੀ, ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਨਾਲ ਮਨੁੱਖ ਹਰ ਵੇਲੇ ਵਿਕਾਰਾਂ ਵਲੋਂ ਸੁਚੇਤ ਰਹਿੰਦਾ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਕੋਈ ਡਰ ਜੀਵ ਉਤੇ ਦਬਾਉ ਨਹੀਂ ਪਾ ਸਕਦਾ ਤੇ ਕੋਈ ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ ਮਿਲਦਾ ਹੈ ਅਤੇ ਜੋ ਮਨੁੱਖ ਸਿਮਰਨ ਕਰਦਾ ਹੈ, ਉਸ ਨੂੰ ਹੇ ਨਾਨਕ! ਅਕਾਲ ਪੁਰਖ ਦੇ ਪਿਆਰ ਵਿਚ ਹੀ ਦੁਨੀਆ ਦੇ ਸਾਰੇ ਖ਼ਜ਼ਾਨੇ ਪ੍ਰਤੀਤ ਹੁੰਦੇ ਹਨ।
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥ ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥ ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥ ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥ ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥ ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥ ਪ੍ਰਭ ਕੈ ਸਿਮਰਨਿ ਸੁਫਲ ਫਲਾ ॥ ਸੇ ਸਿਮਰਹਿ ਜਿਨ ਆਪਿ ਸਿਮਰਾਏ ॥ ਨਾਨਕ ਤਾ ਕੈ ਲਾਗਉ ਪਾਏ ॥੩॥ {ਪੰਨਾ 262-263}
ਪ੍ਰਭੂ ਦੇ ਸਿਮਰਨ ਵਿਚ ਹੀ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਨੌ ਖ਼ਜ਼ਾਨੇ ਹਨ, ਪ੍ਰਭ-ਸਿਮਰਨ ਵਿਚ ਹੀ ਗਿਆਨ, ਸੁਰਤਿ ਦਾ ਟਿਕਾਉ ਤੇ ਜਗਤ ਦੇ ਮੂਲ ਹਰੀ ਦੀ ਸਮਝ ਵਾਲੀ ਬੁੱਧੀ ਹੈ। ਪ੍ਰਭੂ ਦੇ ਸਿਮਰਨ ਵਿਚ ਹੀ ਸਾਰੇ ਜਾਪ-ਤਾਪ ਤੇ ਦੇਵ-ਪੂਜਾ ਹਨ, ਕਿਉਂਕਿ ਸਿਮਰਨ ਕਰਨ ਨਾਲ ਪ੍ਰਭੂ ਤੋਂ ਬਿਨਾ ਕਿਸੇ ਹੋਰ ਉਸ ਵਰਗੀ ਹਸਤੀ ਦੀ ਹੋਂਦ ਦਾ ਖ਼ਿਆਲ ਹੀ ਦੂਰ ਹੋ ਜਾਂਦਾ ਹੈ। ਸਿਮਰਨ ਕਰਨ ਵਾਲਾ ਆਤਮ- ਤੀਰਥ ਦਾ ਇਸ਼ਨਾਨ ਕਰਨ ਵਾਲਾ ਹੋ ਜਾਂਦਾ ਹੈ, ਤੇ ਦਰਗਾਹ ਵਿਚ ਇੱਜ਼ਤ ਮਿਲਦੀ ਹੈ। ਜਗਤ ਵਿਚ ਜੋ ਹੋ ਰਿਹਾ ਹੈ ਭਲਾ ਪ੍ਰਤੀਤ ਹੁੰਦਾ ਹੈ, ਤੇ ਮਨੁੱਖ-ਜਨਮ ਦਾ ਉੱਚਾ ਮਨੋਰਥ ਸਿੱਧ ਹੋ ਜਾਂਦਾ ਹੈ। ਨਾਮ ਉਹੀ ਸਿਮਰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਆਰ ਪ੍ਰੇਰਦਾ ਹੈ, ਇਸੇ ਲਈ ਨਾਨਕ! ਮੈਂ ਉਹਨਾਂ ਸਿਮਰਨ ਕਰਨ ਵਾਲਿਆਂ ਦੀ ਪੈਰੀਂ ਲੱਗਾਂ।3।