Mahatma Gandhi statue vandalised: ਦੇਸ਼ ਵਿੱਚ ਅੱਜ ਮਹਾਤਮਾ ਗਾਂਧੀ ਦੀ ਬਰਸੀ ਮਨਾਈ ਜਾ ਰਹੀ ਹੈ। ਇਸ ਵਿਚਾਲੇ ਅਮਰੀਕਾ ਤੋਂ ਮਹਾਤਮਾ ਗਾਂਧੀ ਦਾ ਅਪਮਾਨ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਹਨ ।ਦਰਅਸਲ, ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਇੱਕ ਪਾਰਕ ਵਿੱਚ ਕੁਝ ਅਣਪਛਾਤੇ ਬਦਮਾਸ਼ਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਹੈ । ਇਸ ਘਟਨਾ ਨਾਲ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ-ਅਮਰੀਕੀਆਂ ਵਿੱਚ ਬਹੁਤ ਗੁੱਸਾ ਹੈ । ਬਾਪੂ ਦੇ ਅਪਮਾਨ ਤੋਂ ਨਾਰਾਜ਼ ਭਾਰਤੀ ਭਾਈਚਾਰੇ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਨੂੰ ਨਫ਼ਰਤ ਕਰਨ ਵਾਲਾ ਜੁਰਮ ਮੰਨੇ ਅਤੇ ਇਸ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰੇ।
ਦੱਸ ਦੇਈਏ ਕਿ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਡੇਵਿਸ ਸਿਟੀ ਦੇ ਇੱਕ ਪਾਰਕ ਵਿੱਚ ਮਹਾਤਮਾ ਗਾਂਧੀ ਦੀ ਛੇ ਫੁੱਟ ਉੱਚੀ ਅਤੇ 294 ਕਿਲੋ ਦਾ ਕਾਂਸੀ ਦਾ ਬੁੱਤ ਸਥਾਪਿਤ ਹੈ। ਕੁਝ ਅਣਪਛਾਤੇ ਲੋਕਾਂ ਨੇ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ ਕੀਤੀ ਹੈ । ਬੁੱਤ ਦਾ ਚਿਹਰਾ ਬੁਰੀ ਤਰ੍ਹਾਂ ਭੰਨ ਦਿੱਤਾ ਗਿਆ ਹੈ ਅਤੇ ਬੁੱਤ ਨੂੰ ਪੈਰ ਤੋਂ ਹੇਠਾਂ ਵੱਲ ਤੋੜ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ 27 ਜਨਵਰੀ ਦੀ ਸਵੇਰ ਨੂੰ ਪਾਰਕ ਦੇ ਇੱਕ ਕਰਮਚਾਰੀ ਨੂੰ ਮਹਾਤਮਾ ਗਾਂਧੀ ਦਾ ਟੁੱਟਿਆ ਹੋਇਆ ਬੁੱਤ ਮਿਲਿਆ । ਡੇਵਿਸ ਸਿਟੀ ਦੇ ਕੌਂਸਲਰ ਲੂਕਾਸ ਫਰੀਰੀਚ ਨੇ ਕਿਹਾ ਕਿ ਫਿਲਹਾਲ ਬੁੱਤ ਨੂੰ ਹਟਾਇਆ ਜਾ ਰਿਹਾ ਹੈ ਅਤੇ ਜਦੋਂ ਤੱਕ ਇਸਦਾ ਮੁਲਾਂਕਣ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੁਰੱਖਿਅਤ ਜਗ੍ਹਾ ‘ਤੇ ਰੱਖਿਆ ਜਾਵੇਗਾ । ਜਾਂਚਕਰਤਾਵਾਂ ਨੂੰ ਅਜੇ ਇਹ ਨਹੀਂ ਪਤਾ ਹੈ ਕਿ ਅਸਲ ਵਿੱਚ ਬੁੱਤ ਦੀ ਭੰਨਤੋੜ ਕਦੋਂ ਕੀਤੀ ਗਈ ਅਤੇ ਅਜਿਹਾ ਕਰਨ ਵਿੱਚ ਬਦਮਾਸ਼ਾਂ ਦਾ ਮਨੋਰਥ ਕੀ ਸੀ ।
ਦੱਸ ਦੇਈਏ ਕਿ ਡੇਵਿਸ ਦੇ ਮੇਅਰ ਨੇ ਇਸ ਘਟਨਾ ‘ਤੇ ਡੂੰਘਾ ਅਫਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘਿਨਾਉਣੇ ਕੰਮ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ । ਨਾਲ ਹੀ, ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਭੰਨਤੋੜ ਦੀ ਕਾਰਵਾਈ ਮਨਜ਼ੂਰ ਨਹੀਂ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਇਹ ਵੀ ਦੇਖੋ: ਖਾਲਸਾ ਏਡ ਦੇ ਸ਼ੈਲਟਰ ਹਾਊਸ ਦੀ ਕੀਤੀ ਬੱਤੀ ਗੁੱਲ, ਅਫਸਰ ਕਹਿੰਦੇ ਉਤੋਂ ਆਡਰ ਆਏ ਨੇ