Sri Sukhmani Sahib (Part Fourth) : ਸ੍ਰੀ ਸੁਖਮਨੀ ਸਾਹਿਬ ਦੇ ਦੀਆਂ ਪਹਿਲੀਆਂ ਛੇ ਅਸ਼ਟਪਦੀਆਂ ਵਿੱਚ ਪ੍ਰਮਾਤਮਾ ਨੂੰ ਬਹੁਤ ਹੀ ਪ੍ਰੇਮ ਸ਼ਰਧਾ ਅਤੇ ਸਮਰਪਣ ਭਾਵ ਨਾਲ ਨਾਮ ਸਿਰਮਨ ਰਾਹੀਂ ਮਿਲਣ ਵਾਲੇ ਲਾਭਾਂ ਬਾਰੇ ਜ਼ਿਕਰ ਹੈ ਜਿਹੜਾ ਮਨੁੱਖ ਨੂੰ ਸਿੱਧਾ ਪ੍ਰਮਾਤਮਾ ਨਾਲ ਮੇਲ ਦਿੰਦਾ ਹੈ। ਇਸ ਨਾਲ ਆਨੰਦ, ਸ਼ਾਂਤੀ ਅਤੇ ਦਰਗਾਹ ਵਿੱਚ ਸਤਕਾਰ ਮਿਲਦਾ ਹੈ। ਪ੍ਰਮਾਤਮਾ ਦਾ ਨਾਂ ਮਨੁੱਖ ਦਾ ਸੱਚਾ ਸਹਾਇਕ ਅਤੇ ਮੱਤਰ ਹੈ। ਇਹ ਸੱਚੀ ਖੁਸ਼ੀ ਅਤੇ ਆਨੰਦ ਪ੍ਰਦਾਨ ਕਰਨ ਵਾਲਾ ਹੈ ਜਦੋਂਕਿ ਦੂਸਰੇ ਪਾਸੇ ਯੋਗੀਆਂ ਦੇ ਸਖਤ ਅਭਿਆਸ ਅਤੇ ਕਰਮ ਕਾਂਡਾਂ ਦੀ ਅਨੁਸਾਰੀ ਪੂਜਾ, ਮਨੁੱਖ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤੀ ਦਿਵਾਉਣ ਵਾਲੀ ਨਹੀਂ ਹੈ। ਸਿਰਫ ਪ੍ਰਮਾਤਮਾ ਦਾ ਨਾਮ ਸਿਮਰਨ ਹੀ ਉਸ ਨੂੰ ਜਨਮ ਮਰਨ ਦੇ ਚੱਕਰ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥ ਪ੍ਰਭ ਕੈ ਸਿਮਰਨਿ ਉਧਰੇ ਮੂਚਾ ॥ ਪ੍ਰਭ ਕੈ ਸਿਮਰਨਿ ਤ੍ਰਿਸਨਾ ਬੁਝੈ ॥ ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ ॥ ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ ॥ ਪ੍ਰਭ ਕੈ ਸਿਮਰਨਿ ਪੂਰਨ ਆਸਾ ॥ ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ ॥ ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥ ਪ੍ਰਭ ਜੀ ਬਸਹਿ ਸਾਧ ਕੀ ਰਸਨਾ ॥ ਨਾਨਕ ਜਨ ਕਾ ਦਾਸਨਿ ਦਸਨਾ ॥੪॥ {ਪੰਨਾ 263}
ਪ੍ਰਭੂ ਦਾ ਸਿਮਰਨ ਕਰਨਾ ਹੋਰ ਸਾਰੇ ਆਹਰਾਂ ਨਾਲੋਂ ਚੰਗਾ ਹੈ; ਪ੍ਰਭੂ ਦਾ ਸਿਮਰਨ ਕਰਨ ਨਾਲ ਬਹੁਤ ਸਾਰੇ ਜੀਵ ਵਿਕਾਰਾਂ ਤੋਂ ਬਚ ਜਾਂਦੇ ਹਨ। ਪ੍ਰਭੂ ਦਾ ਸਿਮਰਨ ਕਰਨ ਨਾਲ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਕਿਉਂਕਿ ਮਾਇਆ ਦੇ ਹਰੇਕ ਕੇਲ ਦੀ ਸਮਝ ਪੈ ਜਾਂਦੀ ਹੈ। ਪ੍ਰਭੂ ਦਾ ਸਿਮਰਨ ਕਰਨ ਨਾਲ ਜਮਾਂ ਦਾ ਡਰ ਮੁੱਕ ਜਾਂਦਾ ਹੈ, ਤੇ ਜੀਵ ਦੀ ਆਸ ਪੂਰਨ ਹੋ ਜਾਂਦੀ ਹੈ (ਭਾਵ, ਆਸਾਂ ਵੱਲੋਂ ਮਨ ਰੱਜ ਜਾਂਦਾ ਹੈ) । ਪ੍ਰਭੂ ਦਾ ਸਿਮਰਨ ਕੀਤਿਆਂ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ) ਅਮਰ ਕਰਨ ਵਾਲਾ ਨਾਮ ਟਿਕ ਜਾਂਦਾ ਹੈ। ਪ੍ਰਭੂ ਜੀ ਗੁਰਮੁਖ ਮਨੁੱਖਾਂ ਦੀ ਜੀਭ ਉਤੇ ਵੱਸਦੇ ਹਨ ਭਾਵ, ਸਾਧ ਜਨ ਸਦਾ ਪ੍ਰਭੂ ਨੂੰ ਜਪਦੇ ਹਨ। ਹੇ ਨਾਨਕ! ਮੈਂ ਗੁਰਮੁਖਾਂ ਦੇ ਸੇਵਕਾਂ ਦਾ ਸੇਵਕ ਬਣਾਂ ।4।
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥ ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥ ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥ ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥ ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥ ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥ ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥ ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥ ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥ ਨਾਨਕ ਜਨ ਕੀ ਮੰਗੈ ਰਵਾਲਾ ॥੫॥ {ਪੰਨਾ 263}
ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਧਨਾਢ ਹਨ ਤੇ ਉਹ ਇੱਜ਼ਤ ਵਾਲੇ ਹਨ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ, ਉਹ ਮੰਨੇ-ਪ੍ਰਮੰਨੇ ਹੋਏ ਹਨ ਤੇ ਉਹ ਸਭ ਮਨੁੱਖਾਂ ਤੋਂ ਚੰਗੇ ਹਨ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਕਿਸੇ ਦੇ ਮੁਥਾਜ ਨਹੀਂ ਹਨ, ਉਹ ਤਾਂ ਸਗੋਂ ਸਭ ਦੇ ਬਾਦਸ਼ਾਹ ਹਨ। ਜੋ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ ਉਹ ਸੁਖੀ ਵੱਸਦੇ ਹਨ ਅਤੇ ਸਦਾ ਲਈ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਪਰ ਪ੍ਰਭ-ਸਿਮਰਨ ਵਿਚ ਉਹੀ ਮਨੁੱਖ ਲੱਗਦੇ ਹਨ ਜਿਨ੍ਹਾਂ ਉਤੇ ਪ੍ਰਭੂ ਆਪਿ ਮੇਹਰਬਾਨ ਹੁੰਦਾ ਹੈ ; ਹੇ ਨਾਨਕ! ਕੋਈ ਵਡ-ਭਾਗੀ ਇਹਨਾਂ ਗੁਰਮੁਖਾਂ ਦੀ ਚਰਨ-ਧੂੜ ਮੰਗਦਾ ਹੈ।5।