Farmers twitter accounts shut down : ਪੰਜਾਬ ਤੋਂ ਲੈ ਕੇ ਦਿੱਲੀ ਤੱਕ ਅਤੇ ਦਿੱਲੀ ਤੋਂ ਲੈ ਕੇ ਪੂਰੀ ਦੁਨੀਆ ‘ਚ ਕਿਸਾਨੀ ਸੰਘਰਸ਼ ਦੀ ਲਹਿਰ ਅੱਗ ਵਾਂਗ ਫੈਲ ਚੁੱਕੀ ਹੈ। ਕਿਸਾਨਾਂ ਨੂੰ ਸਾਰੇ ਦੇਸ਼ ਦਾ ਪੂਰਾ ਸਾਥ ਮਿਲ ਰਿਹਾ ਹੈ। ਪਰ ਸੰਘਰਸ਼ ਦੀ ਇਸ ਲਹਿਰ ਦੇ ਨਾਲ ਕਿਸਾਨ ਵਿਰੋਧੀ ਤੱਥ ਵੀ ਲਗਾਤਾਰ ਸਾਹਮਣੇ ਆ ਰਹੇ ਨੇ। ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਏਜੰਡਿਆਂ ਨਾਲ ਜੋੜਿਆ ਜਾ ਰਿਹਾ ਹੈ। ਇਸ ਸਭ ‘ਚ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਹੱਥ ਹੈ। ਟਵਿਟਰ ‘ਤੇ ਕਿਸਾਨ ਵਿਰੋਧੀ ਪੋਸਟਾਂ ਆਏ ਦਿਨੀਂ ਵਾਇਰਲ ਹੋ ਰਹੀਆਂ ਸਨ। ਪਰ ਇਸ ਨਾਲ ਨਿਪਟਣ ਦੇ ਲਈ ਕਿਸਾਨਾਂ ਨੇ ਟਵਿਟਰ ‘ਤੇ ਇੱਕ ਵੱਖਰੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਕਿਸਾਨਾਂ ਵਲੋਂ ਲੋਕਾਂ ਤੱਕ ਅਸਲ ਸੱਚਾਈ ਪਹੁੰਚਾਉਣ ਲਈ ਆਪਣੇ ਟਵਿਟਰ ਅਕਾਊਂਟਸ ਬਣਾਏ ਗਏ ਸੀ, ਜਿਨ੍ਹਾਂ ਰਾਹੀਂ ਪੂਰੇ ਵਰਲਡ ਨੂੰ ਕਿਸਾਨਾਂ ਦੀਆ ਮੰਗਾਂ ਬਾਰੇ ਜਾਣੋ ਕਰਵਾਇਆ ਜਾ ਰਿਹਾ ਸੀ। ਇਸ ਟਵਿਟਰ ਮੁਹਿੰਮ ਨੇ ਕਿਸਾਨਾਂ ਨੂੰ ਬਹੁਤ ਸਹਿਯੋਗ ਦਿੱਤਾ ਹੈ।
ਕਿਸਾਨਾਂ ਦੀ ਸੱਚਾਈ ਅਤੇ ਸ਼ਾਂਤਮਈ ਪ੍ਰਦਰਸ਼ਨ ਨੂੰ ਸਮਝਣ ਤੋਂ ਬਾਅਦ ਪੂਰੀ ਦੁਨੀਆ ਨੇ ਕਿਸਾਨਾਂ ਦੇ ਹੱਕ ‘ਚ ਆਪਣੀ ਆਵਾਜ਼ ਬੁਲੰਦ ਕੀਤੀ ਸੀ। ਵੱਖੋ-ਵੱਖਰੇ ਦੇਸ਼ਾ ਤੋਂ ਲਗਾਤਾਰ ਕਿਸਾਨਾਂ ਦੀਆ ਮੰਗਾਂ ਮੰਨਣ ਲਈ ਭਾਰਤ ਸਰਕਾਰ ‘ਤੇ ਦਬਾਅ ਵੀ ਪਾਇਆ ਜਾ ਰਿਹਾ ਸੀ।
ਪਰ ਹੁਣ ਟਵਿੱਟਰ ਵਲੋਂ ਇਸ ‘ਤੇ ਕਾਰਵਾਈ ਕੀਤੀ ਗਈ ਹੈ। ਟਵਿੱਟਰ ਨੇ ਅੰਦੋਲਨ ਸਬੰਧੀ ਜਾਣਕਾਰੀ ਸਾਂਝੇ ਕਰਨ ਵਾਲੇ ਅਕਾਊਂਟਸ ਨੂੰ ਬੰਦ ਕਰ ਦਿੱਤਾ ਹੈ। ਕੁੱਝ ਮੀਡੀਆ ਰਿਪੋਰਟਸ ਦੇ ਅਨੁਸਾਰ ਤਕਰੀਬਨ 250 ਖ਼ਾਤੇ ਹਨ, ਜਿਨ੍ਹਾਂ ਨੂੰ ਇਸ ਵੇਲੇ ਬੰਦ ਕੀਤਾ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਅਕਾਊਂਟਸ ਨੂੰ ਬੰਦ ਕਰਨ ਦਾ ਕਾਰਨ ਵੀ ਨਹੀਂ ਦੱਸਿਆ ਗਿਆ ਹੈ। ਜਿਸ ਕਾਰਨ ਟਵਿੱਟਰ ਦੀ ਇਸ ਕਾਰਵਾਈ ‘ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।