High Court issues notice to Hindi News Channel : ਨਵੀਂ ਦਿੱਲੀ : ਦਿੱਲੀ ਦੀ ਹਾਈ ਕੋਰਟ ਨੇ ਅੱਜ ਫਰਜ਼ੀ ਖ਼ਬਰ ਚਲਾਉਣ ਦੇ ਮਾਮਲੇ ‘ਚ ਦੇਸ਼ ਦੇ ਇੱਕ ਪ੍ਰਸਿੱਧ ਹਿੰਦੀ ਨਿਊਜ਼ ਚੈਨਲ ਨੂੰ ਨੋਟਿਸ ਜਾਰੀ ਕੀਤਾ ਹੈ। ਚੈਨਲ ’ਤੇ ਦੋਸ਼ ਹੈ ਕਿ ਉਸ ਨੇ 26 ਜਨਵਰੀ ਦੀ ਪਰੇਡ ‘ਚ ਸ਼ਾਮਿਲ ਹੋਈ ਰਾਮ ਮੰਦਿਰ ਅਤੇ ਕੇਦਾਰਨਾਥ ਮੰਦਿਰ ਦੀ ਝਾਕੀ ਨੂੰ ਸਿੱਖ ਅੰਦੋਲਨਕਾਰੀਆਂ ਵੱਲੋਂ ਲਾਲ ਕਿਲ੍ਹੇ ਵਿਖੇ ਤੋੜਨ ਦਾ ਦੋਸ਼ ਲਗਾਉਂਦੀ ਹੋਈ ਖ਼ਬਰ ਚਲਾਈ ਸੀ। ਜਦਕਿ ਇਸ ਬਾਰੇ ਨਿਊਜ਼ ਚੈਨਲ ਕੋਲ ਕੋਈ ਪੁਖਤਾ ਸਬੂਤ ਮੌਜੂਦ ਨਹੀਂ ਸਨ।
ਰਾਜ-ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਨੇ ਇਸ ਸੰਬੰਧੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਉਨ੍ਹਾਂ ਦੋਸ਼ ਲਗਇਆ ਹੈ ਕਿ ਇਸ ਖ਼ਬਰ ਦੇ ਪ੍ਰਸਾਰਣ ਤੋਂ ਬਾਅਦ ਹਿੰਦੂ-ਸਿੱਖ ਏਕਤਾ ਵਿੱਚ ਤ੍ਰੇੜ ਪੈ ਸਕਦੀ ਹੈ। ਜਿਸ ਨਾਲ ਸਿੱਖਾਂ ਦੇ ਜਾਨ-ਮਾਨ ਦੀ ਸੁਰੱਖਿਆ ਨੂੰ ਖ਼ਤਰਾ ਵੀ ਹੋ ਸਕਦਾ ਹੈ। ਨਿਊਜ਼ ਚੈਨਲ ਵੱਲੋਂ ਚਲਾਈ ਗਈ ਖ਼ਬਰ ਕਰਕੇ ਦੰਗੇ ਹੋਣ ਦਾ ਵੀ ਖਦਸ਼ਾ ਬਣ ਸਕਦਾ ਹੈ।
ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਡੀ.ਐਨ. ਪਟੇਲ ਦੀ ਬੈਂਚ ਨੇ ਹਿੰਦੀ ਨਿਊਜ਼ ਚੈਨਲ ਦੇ ਨਾਲ ਹੀ ਨਿਊਜ਼ ਬਰਾਡਕਸਟਰ ਐਸੋਸੀਏਸ਼ਨ, ਸਕੱਤਰ ਪ੍ਰੈਸ ਕਾਉਂਸਿਲ ਆਫ਼ ਇੰਡੀਆ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਨੂੰ ਨੋਟਿਸ ਜਾਰੀ ਕੀਤਾ ਹੈ। ਸੀਨੀਅਰ ਵਕੀਲ ਕੀਰਤੀ ਉੱਪਲ਼, ਇੰਦਰਬੀਰ ਸਿੰਘ ਅਲੱਗ ਅਤੇ ਵਕੀਲ ਨਰਿੰਦਰ ਬੈਨੀਪਾਲ ਤੇ ਬਲਵਿੰਦਰ ਸਿੰਘ ਬੱਗਾ ਨੇ ਕੋਰਟ ਦੇ ਸਾਹਮਣੇ ਦਲੀਲਾਂ ਰਖੀਆਂ ਕਿ ਅਜਿਹੀਆਂ ਫਰਜ਼ੀਆਂ ਖ਼ਬਰਾਂ ਚਲਾ ਕੇ ਸਿੱਖ ਭਾਈਚਾਰੇ ਦੇ ਖ਼ਿਲਾਫ਼ ਸਮਾਜ ਵਿੱਚ ਭੜਕਾਹਟ ਪੈਦਾ ਹੋ ਸਕਦੀ ਹੈ। ਇਸ ਲਈ ਨਿਊਜ਼ ਚੈਨਲ ਨੂੰ ਇਸ ਤਰ੍ਹਾਂ ਦ ਪ੍ਰਚਾਰ ਨੂੰ ਰੋਕਣ ਦੇ ਹੁਕਮ ਦਿੱਤੇ ਜਾਣੇ ਚਾਹੀਦੇ ਹਨ।