Corona vaccine to SSP and ADC : ਐਸ.ਏ.ਐਸ.ਨਗਰ : ਐਸਐਸਪੀ ਸਤਿੰਦਰ ਸਿੰਘ, ਏਡੀਸੀ(ਜ) ਆਸ਼ਿਕਾ ਜੈਨ ਅਤੇ ਏਡੀਸੀ (ਡੀ) ਰਾਜੀਵ ਗੁਪਤਾ ਜ਼ਿਲ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਮੂਹਰਲੇ ਅਧਿਕਾਰੀਆਂ ਵਿਚੋਂ ਹਨ, ਜਿਨ੍ਹਾਂ ਨੇ ਕੋਵਿਡ ਟੀਕਾਕਰਣ ਮੁਹਿੰਮ ਦੇ ਦੂਜੇ ਪੜਾਅ ਦੀ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਹਾਜ਼ਰੀ ਵਿੱਚ ਅੱਜ ਸਿਵਲ ਹਸਪਤਾਲ ਮੁਹਾਲੀ ਵਿਖੇ ਕੋਵੀਸ਼ਿਲਡ ਵੈਕਸੀਨ ਲਗਵਾਈ।
ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦਾ ਦੂਜਾ ਪੜਾਅ ਪਹਿਲਾਂ ਤੋਂ ਰਜਿਸਟਰਡ ਫਰੰਟਲਾਈਨ ਵਾਰੀਅਰਜ਼ ਲਈ ਹੈ ਜਦਕਿ ਪਹਿਲਾ ਪੜਾਅ ਹੈਲਥ ਕੇਅਰ ਵਰਕਰਾਂ ਲਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 8621 ਫਰੰਟਲਾਈਨ ਵਾਰੀਅਰਜ਼ ਕੋਵਿਡ ਪੋਰਟਲ ‘ਤੇ ਰਜਿਸਟਰਡ ਹਨ ਅਤੇ ਹੁਣ ਤੱਕ 54 ਨੂੰ ਟੀਕੇ ਲਗਾਏ ਗਏ ਹਨ। ਖੁਦ ਨੂੰ ਟੀਕਾ ਨਾ ਲਗਾਏ ਜਾਣ ਦੇ ਕਾਰਨ ਸਬੰਧੀ ਦੱਸਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਤੋਂ ਵਾਇਰਸ ਨਾਲ ਪਾਜ਼ੀਟਿਵ ਰਹੇ ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਜਾਂਦਾ। ਉਹ ਹਾਲ ਹੀ ਵਿੱਚ ਪਾਜ਼ੀਟਿਵ ਪਾਏ ਗਏ ਸਨ, ਇਸ ਲਈ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਟੀਕਾ ਨਹੀਂ ਲਗਾਇਆ ਗਿਆ। ਉਹਨਾਂ ਅੱਗੇ ਕਿਹਾ, “ਮੈਂ ਆਪਣੀ ਟੀਮ ਦੇ ਨਾਲ ਹਾਂ ਅਤੇ ਉਨ੍ਹਾਂ ਦੇ ਟੀਕਾਕਰਨ ਸਮੇਂ ਉਨ੍ਹਾਂ ਨਾਲ ਖੜ੍ਹਾ ਹਾਂ।” ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੇ ਨਾ ਸਿਰਫ ਕੋਵਿਡ ਦਾ ਟੀਕਾ ਲਗਵਾਇਆ ਸਗੋਂ ਸਾਰੇ ਲਾਜ਼ਮੀ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਅਤੇ ਤਕਰੀਬਨ 30 ਮਿੰਟ ਤੱਕ ਡਾਕਟਰੀ ਨਿਗਰਾਨੀ ਹੇਠ ਰਹੇ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਸੰਬੰਧੀ ਅਫਵਾਹਾਂ ਦਾ ਸ਼ਿਕਾਰ ਨਾ ਬਣਨ ਕਿਉਂਕਿ ਟੀਕਾ ਸੁਰੱਖਿਅਤ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦੀ ਕਿਸੇ ਵੀ ਸੈਸ਼ਨ ਸਾਈਟ ਤੋਂ ਕਿਸੇ ਵੀ ਲਾਭਪਾਤਰੀ ਉੱਤੇ ਟੀਕਾਕਰਨ ਦੇ ਮਾੜੇ ਪ੍ਰਭਾਵ ਦੀ ਰਿਪੋਰਟ ਸਾਹਮਣੇ ਨਹੀਂ ਆਈ।
ਐਸਐਸਪੀ ਸਤਿੰਦਰ ਸਿੰਘ ਨੇ ਟੀਕਾ ਲਗਵਾਉਣ ਦੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਕਿਹਾ ਕਿ ਟੀਕਾਕਰਨ ਪ੍ਰਕਿਰਿਆ ਨਿਰਵਿਘਨ ਸੀ। ਉਨ੍ਹਾਂ ਨੇ ਡਾਟਾ ਐਂਟਰੀ ਡੈਸਕ ‘ਤੇ ਰਿਪੋਰਟ ਕੀਤਾ ਅਤੇ ਲੋੜੀਂਦੇ ਡਾਟਾ ਐਂਟਰੀ ਤੋਂ ਬਾਅਦ ਉਹਨਾਂ ਨੂੰ ਟੀਕਾ ਲਗਾਇਆ ਗਿਆ। ਇਹ ਦਰਦ ਰਹਿਤ ਅਤੇ ਤਸੱਲੀਬਖਸ਼ ਤਜ਼ੁਰਬਾ ਸੀ ਅਤੇ ਟੀਕਾਕਰਨ ਤੋਂ ਬਾਅਦ ਕੋਈ ਮਾੜੇ ਪ੍ਰਭਾਵ ਸਾਹਮਣੇ ਨਹੀਂ ਆਇਆ। ਟੀਕਾਕਰਨ ਤੋਂ ਬਾਅਦ ਉਹ ਸਿੱਧਾ ਆਪਣੀ ਡਿਊਟੀ ‘ਤੇ ਚਲੇ ਗਏ। ਉਨ੍ਹਾਂ ਕਿਹਾ ਕਿ ਫੋਰਸ ਦੇ ਸਾਰੇ ਕਰਮਚਾਰੀਆਂ ਨੇ ਮਹਾਂਮਾਰੀ ਵਿੱਚ ਤਾਲਾਬੰਦੀ ਦੌਰਾਨ ਸ਼ਲਾਘਾਯੋਗ ਕੰਮ ਕੀਤਾ ਹੈ। ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਤੋਂ ਇਲਾਵਾ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ , ਉਨ੍ਹਾਂ ਨੇ ਭੋਜਨ ਦੇ ਪੈਕਟ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਨੂੰ ਲੋਕਾਂ ਨੂੰ ਉਨ੍ਹਾਂ ਦੇ ਘਰ-ਘਰ ਮੁਹੱਈਆ ਕਰਵਾਈਆਂ। ਉਨ੍ਹਾਂ ਕਿਹਾ ਕਿ ਉਹ ਸਾਰੇ ਪਹਿਲ ਦੇ ਅਧਾਰ ‘ਤੇ ਟੀਕਾ ਲਗਵਾਉਣ ਦੇ ਹੱਕਦਾਰ ਹਨ ਅਤੇ ਉਹਨਾਂ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਅੱਗੇ ਆਉਣ ਅਤੇ ਟੀਕਾ ਲਗਵਾਉਣ ਲਈ ਕਿਹਾ।