Kangana Ranaut calls farmers : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ 70 ਦਿਨਾਂ ਤੋਂ ਦਿੱਲੀ ਬਾਰਡਰਾਂ ’ਤੇ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਬਾਲੀਵੁੱਡ ਦੀ ਅਦਾਕਾਰਾ ਕੰਗਨਾ ਰਨੌਤ ਵੱਲੋਂ ਕਿਸਾਨਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੱਸਿਆ ਗਿਆ, ਜਿਸ ‘ਤੇ ਜਾਗੋ ਪਾਰਟੀ ਨੇ ਟਵਿੱਟਰ ਦੇ ਐਮ.ਡੀ. ਨੂੰ ਲੀਗਲ ਨੋਟਿਸ ਭੇਜਿਆ ਹੈ, ਜਿਸ ਵਿੱਚ ਕੰਗਨਾ ਰਣਾਉਤ ਦਾ ਟਵਿੱਟਰ ਅਕਾਉਂਟ ਬੰਦ ਕਰਨ ਲਈ ਕਿਹਾ ਗਿਆ ਹੈ।
ਇਹ ਨੋਟਿਸ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਲੋਂ ਭਿਜਵਾਇਆ ਗਿਆ ਹੈ। ਇਸ ਨੋਟਿਸ ਵਿੱਚ ਅਦਾਕਾਰਾ ਕੰਗਣਾ ਰਣਾਉਤ ਦਾ ਅਕਾਊਂਟ ਨੋਟਿਸ ਮਿਲਣ ਦੇ 3 ਦਿਨ ਤੱਕ ਬੰਦ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਮਨਜੀਤ ਸਿੰਘ ਜੀਕੇ ਦਾ ਕਹਿਣਾ ਕਿ ਕੰਗਨਾ ਰਣਾਉਤ ਕਿਸਾਨ ਅੰਦੋਲਨ ਤੋਂ ਬਾਅਦ ਲਗਾਤਾਰ ਕਿਸਾਨਾਂ ਨੂੰ ਅੱਤਵਾਦੀ ਅਤੇ ਦੇਸ਼ ਵਿਰੋਧੀ ਕਹਿ ਕੇ ਟਵੀਟ ਕਰ ਰਹੀ ਹੈ। ਇਹ ਸਿੱਧੇ ਤੌਰ ‘ਤੇ ਸਿੱਖਾਂ ਦੇ ਖ਼ਿਲਾਫ਼ ਦੂਜੇ ਫ਼ਿਰਕਿਆਂ ‘ਚ ਨਫ਼ਰਤ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਜਿਸ ਲਈ ਉਸ ਦਾ ਟਵਿਟਰ ਅਕਾਊਂਟ ਬੰਦ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੰਗਨਾ ਦੇ ਖ਼ਿਲਾਫ਼ ਟਵਿੱਟਰ ਕਾਰਵਾਈ ਨਹੀਂ ਕਰਦਾ ਤਾਂ ਜਾਗੋ ਪਾਰਟੀ ਆਪਣੇ ਵਕੀਲਾਂ ਰਾਹੀਂ ਬਣਦੀ ਕਾਨੂੰਨੀ ਕਾਰਵਾਈ ਕਰੇਗੀ।
ਦੱਸਣਯੋਗ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ, ਪਰ ਸਰਕਾਰ ਇਹ ਕਾਨੂੰਨ ਰੱਦ ਨਹੀਂ ਕਰਨਾ ਚਾਹੁੰਦੀ। ਕਿਸਾਨਾਂ ਦੇ ਇਸ ਅੰਦੋਲਨ ਨੂੰ ਇੱਕ ਪਾਸੇ ਪੂਰੇ ਦੇਸ਼ ਵਿੱਚ ਸਮਰਥਨ ਮਿਲ ਰਿਹਾ ਹੈ ਉਥੇ ਹੀ ਵਿਦੇਸ਼ਾਂ ਦੇ ਲੋਕ ਵੀ ਕਿਸਾਨਾਂ ਦੇ ਹੱਕ ਵਿੱਚ ਆ ਰਹੇ ਹਨ। ਬਾਲੀਵੁੱਡ ਅਦਾਕਾਰਾ ਨੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਉਥੇ ਹੀ ਕਿਸਾਨ ਲਹਿਰ ਦੇ ਸਮਰਥਨ ਵਿੱਚ ਬਹੁਤ ਸਾਰੇ ਵੱਡੇ ਸਿਤਾਰੇ ਹਨ। ਪਰ ਹੁਣ ਵਿਸ਼ਵਵਿਆਪੀ ਮਸ਼ਹੂਰ ਹਸਤੀਆਂ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਰਹੀਆਂ ਹਨ। ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਤੋਂ ਬਾਅਦ, ਯੂਐਸ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ, ਮੀਨਾ ਹੈਰਿਸ ਨੇ ਵੀ ਟਵੀਟ ਕਰਕੇ ਕਿਸਾਨ ਅੰਦੋਲਨ ਦਾ ਮੁੱਦਾ ਉਠਾਇਆ ਹੈ।