Aam Aadmi Party accuses Congress : ਚੰਡੀਗੜ੍ਹ : ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਕਾਫਲੇ ‘ਤੇ ਹਮਲੇ ਦੇ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਨੇ ਸੱਤਾਧਾਰੀ ਕਾਂਗਰਸ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਨੇ ਸੁਨਾਮ ਵਿੱਚ ’ਆਪ’ ਦੇ ਉਮੀਦਵਾਰ ਨੂੰ ਅਗਵਾ ਕੀਤਾ ਹੈ। ਪਾਰਟੀ ਦੇ ਸੀਨੀਅਰ ਨੇਤਾ ਅਤੇ ਵਿਧਾਇਕ ਅਮਨ ਅਰੋੜਾ ਨੇ ਇਹ ਦੋਸ਼ ਲਗਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਅਤੇ ਆਗੂਆਂ ਵੱਲੋਂ ਕੀਤੀ ਜਾ ਰਹੀ ਗੁੰਡਾਗਰਦੀ ਲੋਕਤੰਤਰ ਦੀ ਹੱਤਿਆ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਕਾਂਗਰਸੀ ਆਗੂਆਂ ਨੇ ‘ਆਪ’ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਫਾੜੇ ਅਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਗਰ ਨਿਗਮ ਦੀਆਂ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਰੋਕਣ ਦੇ ਦੋਸ਼ ਲਗਾਏ ਸਨ।
ਵਿਧਾਇਕ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਨੇ ਸਾਡੇ ਉਮੀਦਵਾਰਾਂ ਨੂੰ ਜ਼ੀਰਾ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ। ਕਾਂਗਰਸ ਕਰਮਚਾਰੀਆਂ ਨੇ ਉਨ੍ਹਾਂ ਨੂੰ ਡਰਾਇਆ ਅਤੇ ਉੱਥੇ ਹੰਗਾਮਾ ਕੀਤਾ ਨਾਲ ਹੀ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਨੂੰ ਫਾੜ ਦਿੱਤੇ, ਜਿਸ ਤੋਂ ਬਾਅਦ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਗੁਰੂ ਹਰਸਹਾਏ ਅਤੇ ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਨਕੋਦਰ ਤੋਂ ਪਾਰਟੀ ਉਮੀਦਵਾਰਾਂ ਨਾਲ ਜਾ ਕੇ ਉਨ੍ਹਾਂ ਦਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ।
ਦੱਸਣਯੋਗ ਹੈ ਕਿ ਬੀਤੇ ਦਿਨ ਜਲਾਲਾਬਾਦ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਕਾਰ ਸਿਟੀ ਕੌਂਸਲ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਹੋਈ ਖੂਨੀ ਝੜਪ ਦੇ ਮਾਮਲੇ ਵਿੱਚ ਪੁਲਿਸ ਨੇ ਕਾਂਗਰਸ ਦੇ 60 ਅਣਪਛਾਤੇ ਵਰਕਰ ’ਤੇ ਮਾਮਲਾ ਦਰਜ ਕੀਤਾ ਹੈ। ਮੰਗਲਵਾਰ ਸਵੇਰੇ 11 ਵਜੇ ਸੁਖਬੀਰ ਬਾਦਲ ਕੋਰਟ ਕੰਪਲੈਕਸ ਵਿੱਚ ਸਥਿਤ ਐਸਡੀਐਮ ਦਫਤਰ ਵਿਖੇ ਅਕਾਲੀ ਉਮੀਦਵਾਰਾਂ ਨਾਲ ਨਾਮਜ਼ਦਗੀ ਪੱਤਰ ਭਰਨ ਲਈ ਜਾ ਰਹੇ ਸਨ। ਉਹ ਕੋਰਟ ਕੰਪਲੈਕਸ ਵਿੱਚ ਦਾਖਲ ਹੋ ਰਹੇ ਸਨ ਕਿ ਕਾਂਗਰਸੀਆਂ ਨੇ ਉਨ੍ਹਾਂ ‘ਤੇ ਪੱਥਰਾਅ ਕੀਤਾ। ਸੁਖਬੀਰ ਬਾਦਲ ਦੀ ਕਾਰ ਦੇ ਸ਼ੀਸ਼ੇ ਪੱਥਰਾਅ ਨਾਲ ਟੁੱਟ ਗਏ ਅਤੇ ਚਾਰ ਵਰਕਰ ਜ਼ਖਮੀ ਹੋ ਗਏ।