Sakhi of Guru Har Rai : ਗੁਰੂ ਹਰਿ ਰਾਇ ਜੀ ਦਾ ਜਨਮ 16 ਜਨਵਰੀ, 1630 ਈਸਵੀ ਨੂੰ ਕੀਰਤਪੁਰ ਵਿਖੇ ਬਾਬਾ ਗੁਰਦਿੱਤਾ ਜੀ ਦੇ ਘਰ ਹੋਇਆ। ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਆਪ ਸ਼ਾਸਤਰ-ਵਿੱਦਿਆ ਤੇ ਸ਼ਸਤਰ-ਵਿੱਦਿਆ ਦਿੱਤੀ। ਗੁਰੂ ਹਰਿਗੋਬਿੰਦ ਜੀ ਨੇ ਉਨ੍ਹਾਂ ਨੂੰ ਅਗਸਤ 1643 ਈਸਵੀ ਵਿਚ ਗੁਰ-ਗੱਦੀ ਸੌਂਪ ਦਿੱਤੀ। ਉਨ੍ਹਾਂ ਦੇ ਪਾਸ ਸਦਾ ਬਾਈ ਸੌ ਘੋੜ-ਸਵਾਰ ਤਿਆਰ-ਬਰ-ਤਿਆਰ ਰਹਿੰਦੇ ਉਨ੍ਹਾਂ ਨੇ ਕੀਰਤਪੁਰ ਦੇ ਨੇੜੇ ਪਤਾਲਗੜ੍ਹ ਕਿਲ੍ਹਾ ਵੀ ਉਸਾਰਿਆ ਸੀ, ਜਿਸ ਵਿਚ ਹਰ ਸਮੇਂ ਗੋਲਾ-ਬਾਰੂਦ ਤਿਆਰ ਰਖਿਆ ਜਾਂਦਾ ਸੀ।
ਗੁਰੂ ਜੀ ਨੇ ਕੀਰਤਪੁਰ ਵਿਚ ਇੱਕ ਬਹੁਤ ਵੱਡਾ ਦਵਾਖ਼ਾਨਾ ਖੋਲਿਆ, ਜਿਸ ਵਿਚ ਚੰਗੇ ਵੈਦ ਰਖੇ ਤੇ ਦੇਸ਼ ਭਰ ਦੀਆਂ ਦਵਾਈਆਂ ਮੰਗਵਾ ਕੇ ਰੱਖੀਆਂ। ਇੱਥੇ ਹਰ ਲੋੜਵੰਦ ਦਾ ਮੁਫ਼ਤ ਇਲਾਜ ਕੀਤਾ ਜਾਂਦਾ। ਉਦਾਸੀ ਡੇਰਿਆਂ ‘ਤੇ ਪ੍ਰਚਾਰ-ਅਸਥਾਨਾਂ ਉੱਪਰ ਜਿੱਥੇ ਪਹਿਲਾਂ ਲੰਗਰ ਮਿਲਦਾ ਸੀ, ਗੁਰੂ ਜੀ ਨੇ ਉਨ੍ਹਾਂ ਨੂੰ ਮੁਫ਼ਤ ਇਲਾਜ ਕਰਨ ਦੀ ਆਗਿਆ ਕਰ ਦਿੱਤੀ। ਇਸ ਤਰ੍ਹਾਂ ਕੀਰਤਪੁਰ ਦਾ ਦਵਾਖ਼ਾਨਾ ਦੇਸ਼ ਭਰ ਵਿੱਚ ਪ੍ਰਸਿੱਧ ਹੋ ਗਿਆ। ਬਾਦਸ਼ਾਹ ਸ਼ਾਹ ਜਹਾਨ ਨੂੰ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨਾਲ ਬਹੁਤ ਪਿਆਰ ਸੀ ਉਸਦੇ ਛੋਟੇ ਪੁੱਤਰ ਔਰੰਗਜ਼ੇਬ ਲਈ ਇਹ ਸਹਾਰਨਾ ਮੁਸ਼ਕਲ ਸੀ। ਉਸਨੇ ਦਾਰਾ ਸ਼ਿਕੋਹ ਨੂੰ ਖ਼ਤਮ ਕਰਨ ਲਈ, ਇੱਕ ਦਿਨ ਉਸਦੇ ਲਾਂਗਰੀ ਪਾਸੋਂ ਉਸਦੇ ਖਾਣੇ ਵਿਚ ਇੱਕ ਸ਼ੇਰ ਦੀ ਮੁੱਛ ਦੇ ਵਾਲ ਖੁਆ ਦਿੱਤੇ, ਜਿਸ ਨਾਲ ਦਾਰਾ ਸ਼ਿਕੋਹ ਦਾ ਪੇਟ ਖ਼ਰਾਬ ਹੋ ਗਿਆ।
ਸ਼ਾਹੀ ਹਕੀਮਾਂ ਉਸਦਾ ਬਹੁਤ ਇਲਾਜ ਕੀਤਾ ਪਰ ਉਹ ਠੀਕ ਨਾ ਹੋਇਆ। ਹਕੀਮਾਂ ਨੇ ਸ਼ਾਹ ਜਹਾਨ ਨੂੰ ਕੀਰਤਪੁਰ ਦੇ ਦਵਾਖ਼ਾਨੇ ਤੋਂ ਦਵਾ ਮੰਗਵਾਉਣ ਦੀ ਸਲਾਹ ਦਿੱਤੀ। ਸ਼ਾਹ ਜਹਾਨ ਨੇ ਕਿਹਾ, “ਜਿਨ੍ਹਾਂ ਦੇ ਖ਼ਿਲਾਫ਼ ਮੈਂ ਫ਼ੌਜਾਂ ਭੇਜਦਾ ਰਿਹਾ ਹਾਂ, ਉਨ੍ਹਾਂ ਪਾਸੋਂ ਦਵਾ ਕਿਵੇਂ ਮੰਗਾਂ ? ਪੀਰ ਹਸਨ ਅਲੀ ਨੇ ਕਿਹਾ, “ਗੁਰੂ ਨਾਨਕ ਦੇ ਘਰ ਦਾ ਕਿਸੇ ਨਾਲ ਕੋਈ ਵੈਰ ਨਹੀਂ। ਉਹ ਸਦਾ ਦੂਜੇ ਦਾ ਭਲਾ ਕਰਦਾ ਹੈ।” ਤੁਸੀਂ ਦਾਰਾ ਸ਼ਿਕੋਹ ਦੀ ਜਾਨ ਬਚਾਉਣ ਲਈ ਉਨ੍ਹਾਂ ਪਾਸੋਂ ਦਵਾ ਮੰਗਵਾ ਲਵੋ। ਸ਼ਾਹ ਜਹਾਨ ਨੇ ਗੁਰੂ ਜੀ ਦੇ ਨਾਂ ਚਿੱਠੀ ਲਿਖ ਕੇ, ਆਪਣੇ ਖ਼ਾਸ ਆਦਮੀ ਰਾਹੀਂ ਕੀਰਤਪੁਰ ਭੇਜੀ। ਗੁਰੂ ਜੀ ਨੇ ਚਿੱਠੀ ਮਿਲਣ ਉੱਪਰ ਲੋੜੀਂਦੀ ਦਵਾ ਸ਼ਾਹ ਜਹਾਨ ਨੂੰ ਭੇਜ ਦਿੱਤੀ ਜਿਸ ਨੂੰ ਲੈਣ ਨਾਲ ਦਾਰਾ ਸ਼ਿਕੋਹ ਦੇ ਪੇਟ ਦਾ ਰੋਗ ਦੂਰ ਹੋ ਗਿਆ। ਬਾਦ ਵਿੱਚ ਦਾਰਾ ਸ਼ਿਕੋਹ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਮਤੀ ਭੇਟਾਵਾਂ ਲੈ ਕੇ ਆਪ ਕੀਰਤਪੁਰ ਹਾਜ਼ਰ ਹੋਇਆ।