High Court Notice to Haryana : ਚੰਡੀਗੜ੍ਹ : ਕਰਨਾਲ ਜੇਲ੍ਹ ਵਿੱਚ ਬੰਦ ਨੌਦੀਪ ਕੌਰ ਨੂੰ ਹਰਿਆਣਾ ਪੁਲਿਸ ਦੁਆਰਾ ਗੈਰ-ਕਾਨੂੰਨੀ ਤੌਰ ’ਤੇ ਕੈਦ ਕਰਨ ਦੇ ਇਲਜ਼ਾਮਾਂ ਦਾ ਸਖਤ ਨੋਟਿਸ ਲੈਂਦਿਆਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਅੱਜ ਸੂਬੇ ਨੂੰ ਮਤੇ ਦਾ ਨੋਟਿਸ ਆਫ ਮੋਸ਼ਨ ਜਾਰੀ ਕੀਤਾ ਹੈ। ਜਸਟਿਸ ਅਰੁਣ ਕੁਮਾਰ ਤਿਆਗੀ ਨੇ ਹਰਿਆਣਾ ਨੂੰ ਸੂ ਮੋਟੁ ਕੇਸ ਖਿਲਾਫ ਨੋਟਿਸ ਭੇਜਿਆ ਹੈ।
ਆਪਣੇ ਹੁਕਮਾਂ ਵਿੱਚ ਹਾਈਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਾਮਲੇ ਨੂੰ ਅਪਰਾਧਕ ਰਿੱਟ ਪਟੀਸ਼ਨ ਮੰਨਿਆ ਗਿਆ ਸੀ ਅਤੇ ਜਸਟਿਸ ਜਸਵੰਤ ਸਿੰਘ ਦੇ ਆਦੇਸ਼ਾਂ ਹੇਠ ਨਿਆਂਇਕ ਪੱਖ ਵਿੱਚ ਸੂਚੀਬੱਧ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਦੋਂ 6 ਅਤੇ 8 ਫਰਵਰੀ ਨੂੰ ਉਸਦੀ ਗ਼ੈਰਕਾਨੂੰਨੀ ਕੈਦ ਬਾਰੇ ਈਮੇਲ ਰਾਹੀਂ ਸ਼ਿਕਾਇਤਾਂ ਆਈਆਂ ਸਨ। ਸ਼ਿਕਾਇਤਕਰਤਾਵਾਂ ਨੇ ਸ਼ਿਕਾਇਤਾਂ ਵਿਚ ਉਨ੍ਹਾਂ ਦੇ ਪਤੇ ਅਤੇ ਹੋਰ ਸਬੰਧਤ ਵੇਰਵਿਆਂ ਦਾ ਜ਼ਿਕਰ ਨਹੀਂ ਕੀਤਾ ਸੀ। ਹਾਈਕੋਰਟ ਨੇ ਇਸ ਦੀ ਅਗਲੀ ਸੁਣਵਾਈ ਦੀ ਤਰੀਕ 24 ਫਰਵਰੀ ਨੂੰ ਤੈਅ ਕੀਤੀ ਹੈ।
ਇਥੇ ਦੱਸਣਯੋਗ ਹੈ ਕਿ ਮਜ਼ੂਦਰਾਂ ਦੇ ਹੱਕਾਂ ਲੜਨ ਵਾਲੀ ਨੌਦੀਪ ਕੌਰ ਦਾ ਮਾਮਲਾ ਬੀਤੇ ਦਿਨਾਂ ਤੋਂ ਕਾਫੀ ਭਖਿਆ ਹੈ ਅਤੇ ਉਸ ਦੀ ਰਿਹਾਈ ਲਈ ਦੇਸ਼ ਤੇ ਵਿਦੇਸ਼ ਤੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਉਸ ‘ਤੇ ਪੁਲਸ ਹਿਰਾਸਤ ਵਿੱਚ ਜਿਨਸੀ ਸ਼ੋਸ਼ਣ ਦੇਸ਼ ਦੇ ਦੋਸ਼ ਲਗਾਏ ਜਾ ਰਹੇ ਹਨ। ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵੱਲੋਂ ਨੌਦੀਪ ਕੌਰ ਨੂੰ ਇਕ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਗਈ ਹੈ, ਜਦਕਿ ਉਸ ਖਿਲਾਫ਼ ਦੋ ਕੇਸਾਂ ਕਰਕੇ ਉਸਨੂੰ ਅਜੇ ਜੇਲ੍ਹ ਵਿੱਚ ਹੀ ਰਹਿਣਾ ਹੋਵੇਗਾ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੱਲੋਂ ਇਸ ਮੁੱਦੇ ‘ਤੇ ਆਵਾਜ਼ ਚੁੱਕਣ ‘ਤੇ ਇਹ ਮਾਮਲਾ ਕਾਫੀ ਭਖਿਆ ਹੈ ਅਤੇ ਉਸ ਦੀ ਰਿਹਾਈ ਦੀ ਮੰਗ ਤੇਜ਼ ਹੋ ਗਈ ਹੈ।