Sakhi of Bhai Dulcha Ji : ਗੁਰੂ ਤੇਗ ਬਹਾਦਰ ਜੀ ਦਾ ਮੁਲਤਾਨ ਵਿੱਚ ਇਕ ਬਹੁਤ ਅਮੀਰ ਸਿੱਖ ਰਹਿੰਦਾ ਸੀ। ਉਸ ਨੂੰ ਲੋਕ ਰੂਪਾ ਸੇਠ ਦੇ ਨਾਂ ਨਾਲ ਜਾਣਦੇ ਸਨ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਗੁਰ-ਗੱਦੀ ’ਤੇ ਬਿਰਾਜਮਾਨ ਹੋ ਰਹੇ ਹਨ ਅਤੇ ਦੂਰੋਂ-ਦੂਰੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਤੋਹਫੇ ਨਾਲ ਲੈਕੇ ਜਾ ਰਹੀਆਂ ਹਨ ਤਾਂ ਉਸ ਨੇ ਵੀ ਗੁਰੂ ਜੀ ਨੂੰ ਵਧੀਆ ਸੁਗਾਤਾਂ ਦੇਣ ਦਾ ਮਨ ਬਣਾਇਆ ਅਤੇ ਸੁੰਦਰ ਹੀਰਿਆਂ ਮੋਤੀਆਂ ਦੇ ਹਾਰ ਬਣਵਾਏ ਅਤੇ ਗੁਰੂ ਸਾਹਿਬ ਦੇ ਮੇਚ ਦੇ ਦੋ ਜੜਾਊ ਕੜਿਆਂ ਦੀ ਜੋੜੀ ਵੀ ਬਣਵਾਈ। ਪਰ ਕਿਸੇ ਕਾਰਣ ਉਹ ਅਨੰਦਪੁਰ ਸਾਹਿਬ ਨਾ ਜਾ ਸਕਿਆ ਤਾਂ ਉਸਨੇ ਇਹ ਸੁਗਾਤਾਂ ਆਪਣੇ ਇਲਾਕੇ ਦੇ ਮਸੰਦ ਭਾਈ ਦੁਲਚੇ ਦੇ ਹੱਥ ਭੇਜ ਦਿੱਤੀਆਂ। ਕੀਮਤੀ ਸੁਗਾਤਾਂ ਦੇਖ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਅਤੇ ਉਸਨੇ ਜੜਾਊ ਕੜਿਆਂ ਦੀ ਜੋੜੀ ਤਾਂ ਆਪਣੀ ਪੱਗ ਵਿਚ ਲੁਕਾ ਕੇ ਰੱਖ ਲਈ ਅਤੇ ਹੀਰੇ ਮੋਤੀਆਂ ਦੇ ਹਾਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੇ। ਪਰ ਗੁਰੂ ਜੀ ਨੂੰ ਦੁਲਚੇ ਦੀ ਚਲਾਕੀ ਦਾ ਪਤਾ ਲੱਗ ਗਿਆ।
ਅਗਲੇ ਦਿਨ ਜਦੋਂ ਦਰਬਾਰ ਸਜਿਆ ਅਤੇ ਗੁਰੂ ਜੀ ਤਖ਼ਤ ਉਤੇ ਬਿਰਾਜਮਾਨ ਹੋਏ ਤਾਂ ਉਨਾਂ ਨੇ ਕਿਹਾ ਕਿ ਭਾਈ ਦੁਲਚਾ ਕਿਥੇ ਹੈ, ਉਹ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਣ। ਦੁਲਚਾ ਝੱਟ ਉੱਠ ਕੇ ਗੁਰੂ ਜੀ ਸਨਮੁਖ ਹਾਜਿਰ ਹੋ ਗਿਆ। ਗੁਰੂ ਜੀ ਨੇ ਕਿਹਾ, ”ਭਾਈ ਦੁਲਚਾ ਤੁਸੀਂ ਮੇਰੇ ਵਾਸਤੇ ਕਿਹੜੀ ਸੁਗਾਤ ਲੈ ਕੇ ਆਏ ਹੋ ?” ਭਾਈ ਦੁਲਚੇ ਨੇ ਜਵਾਬ ਦਿੱਤਾ, “ਮਹਾਰਾਜ ਮੈਂ ਤਾਂ ਜੋ ਕੁਝ ਲਿਆਇਆ ਸੀ, ਕਲ ਆਪ ਜੀ ਅੱਗੇ ਭੇਟ ਕਰ ਦਿੱਤਾ ਸੀ।” ਗੁਰੂ ਜੀ ਨੇ ਫਿਰ ਪੁੱਛਿਆ, ”ਭਾਈ ਦੁਲਚੇ ਚੰਗੀ ਤਰ੍ਹਾਂ ਯਾਦ ਕਰ ਲੈ, ਕੋਈ ਚੀਜ਼ ਰਹਿ ਤਾਂ ਨਹੀਂ ਗਈ, ਕਿਸੇ ਪ੍ਰੇਮੀ ਨੇ ਕੋਈ ਸੁਗਾਤ ਭੇਜੀ ਹੋਵੇ ਅਤੇ ਆਪ ਭੇਂਟ ਕਰਨੀ ਭੁੱਲ ਗਏ ਹੋਵੋ।” ਦੁਲਚਾ ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਬੜੇ ਗੁੱਸੇ ਵਿਚ ਆ ਗਿਆ, ਅਤੇ ਕਹਿਣ ਲੱਗਾ, ”ਤੁਸੀਂ ਮੇਰੇ ਨਾਲ ਬੱਚਿਆ ਵਾਲਾ ਵਰਤਾਓ ਕਰ ਰਹੇ ਹੋ, ਮੈਂ ਪਿਛਲੇ ਪੰਜਾਹ ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਅਤੇ ਤੁਸੀਂ ਮੇਰੇ ’ਤੇ ਸ਼ੱਕ ਕਰ ਰਹੇ ਹੋ ਅਤੇ ਭਰੇ ਦਰਬਾਰ ਵਿਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ।”
ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਦੁਲਚਾ ਥੋੜਾ ਮੇਰੇ ਨੇੜੇ ਆਓ। ਜਦ ਭਾਈ ਦੁਲਚਾ ਉਨ੍ਹਾਂ ਦੇ ਕੋਲ ਗਿਆ ਤਾਂ ਗੁਰੂ ਜੀ ਨੇ ਜ਼ੋਰ ਨਾਲ ਹੱਥ ਮਾਰ ਕੇ ਦੁਲਚੇ ਦੀ ਪੱਗ ਲਾਹ ਕੇ ਵਗਾਹ ਮਾਰੀ ਅਤੇ ਕਹਿਣ ਲੱਗੇ, “ਪਹਿਲਾਂ ਤਾਂ ਮੈਂ ਤੈਨੂੰ ਕੁਝ ਨਹੀਂ ਸੀ ਕਿਹਾ, ਇੱਜ਼ਤ ਨੂੰ ਹੱਥ ਹੁਣ ਪਾਇਆ ਹੈ।“ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਜੀ ਵੀ ਗੁੱਸੇ ਵਿਚ ਆ ਸਕਦੇ ਹਨ। ਪਰ ਉਨ੍ਹਾਂ ਦੀ ਹੈਰਾਨੀ ਵਿਚ ਉਸ ਵੇਲੇ ਹੋਰ ਵਧ ਗਈ ਜਦ ਪੱਗ ਵਿਚੋਂ ਸੋਨੇ ਦੇ ਜੜਾਉ ਕੜਿਆਂ ਦੀ ਜੋੜੀ ਬਾਹਰ ਡਿੱਗ ਪਈ ਅਤੇ ਇਕ ਸਿੱਖ ਨੇ ਚੁੱਕ ਕੇ ਗੁਰੂ ਸਾਹਿਬ ਨੂੰ ਫੜਾਈ।
ਗੁਰੂ ਸਾਹਿਬ ਨੇ ਕਿਹਾ, ”ਭਾਈ ਦੁਲਚਾ ਹੁਣ ਦੱਸੋ, ਤੁਹਾਡੀ ਇੱਜਤ ਵਿਚ ਕੀ ਲੁਕਿਆ ਪਿਆ ਸੀ। ਜਿਸ ਗੁਰੂ ਦੇ ਪਿਆਰੇ ਨੇ ਬੜੀ ਰੀਝ ਨਾਲ ਇਹ ਕੜੇ ਭੇਜੇ ਸਨ ਉਹ ਭਲਾ ਪੁਰਖ ਕੀ ਸੋਚਦਾ ਹੋਵੇਗਾ ?’ ਭੇਦ ਖੁੱਲ ਜਾਣ ਤੇ ਭਾਈ ਦੁਲਹਾ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਚਰਨਾਂ ’ਤੇ ਪੱਗ ਰੱਖ ਕੇ ਮਿੰਨਤਾਂ ਤਰਲੇ ਕਰਨ ਲੱਗਾ, ”ਮਹਾਰਾਜ ਮੈਨੂੰ ਬਖਸ਼ ਲਵੋ, ਮੈਂ ਤਾਂ ਤੁਹਾਨੂੰ ਛੋਟਾ ਬਾਲਕ ਹੀ ਸਮਝਿਆ ਸੀ, ਤੁਸੀਂ ਤਾਂ ਸਤਿਗੁਰ ਅੰਤਰਜਾਮੀ ਆਪ ਪ੍ਰਮੇਸ਼ਰ ਹੋ। ਮੇਰੇ ਤੇ ਕਿਰਪਾ ਕਰੋ ਅਤੇ ਮੇਰੀ ਭੁੱਲ ਬਖਸ਼ ਦੇਵੋ।” ਗੁਰੂ ਜੀ ਨੇ ਫੁਰਮਾਇਆ, ”ਭਾਈ ਦੁਲਚੇ ਗੁਰੂ ਘਰ ਵਿਚ ਬਖਸ਼ਿਸ਼ ਦੀ ਕੋਈ ਘਾਟ ਨਹੀਂ, ਜਾਹ ਤੈਨੂੰ ਬਖਸ਼ ਦਿੱਤਾ, ਪਰ ਅੱਗੇ ਤੋਂ ਅਜਿਹੀ ਹੇਰਾਫੇਰੀ ਨਾ ਕਰੀਂ।” ਦੁਲਚਾ ਬਹੁਤ ਖੁਸ਼ ਹੋਇਆ ਅਤੇ ਉਸ ਦਾ ਅਤੇ ਸਾਰੀ ਸੰਗਤ ਦਾ ਗੁਰੂ ਸਾਹਿਬ ਉਤੇ ਅਥਾਹ ਭਰੋਸਾ ਅਤੇ ਸਿਦਕ ਬੱਝ ਗਿਆ।