CBI nabbed ASI : ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੋਮਵਾਰ ਨੂੰ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ-ਇੰਸਪੈਕਟਰ (ਏਐਸਆਈ) ਨੂੰ ਐਫਆਈਆਰ ਦਰਜ ਨਾ ਕਰਨ ਲਈ 10,000 ਰੁਪਏ ਦੀ ਰਿਸ਼ਵਤ ਵਜੋਂ ਸਵੀਕਾਰ ਕਰਨ ਲਈ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ, ਜਿਸ ਦੀ ਪਛਾਣ ਹਰਭਜਨ ਸਿੰਘ ਵਜੋਂ ਹੋਈ ਹੈ, ਸ਼ਿਕਾਇਤਕਰਤਾ ਕੋਲੋਂ ਇੱਕ ਫਾਈਨੈਂਸਰ ਨੂੰ ਕਰਜ਼ੇ ਦੀ ਅਦਾਇਗੀ ਨਾ ਕਰਨ ‘ਤੇ ਕੇਸ ਦਰਜ ਨਾ ਕਰਨ ਲਈ 70 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਵਿੱਚੋਂ 10 ਹਜ਼ਰ ਦੀ ਰਿਸ਼ਵਤ ਲੈਂਦੇ ਸੀਬੀਆਈ ਨੇ ਉਸ ਨੂੰ ਕਾਬੂ ਕਰ ਲਿਆ। ਗ੍ਰਿਫਤਾਰ ਕੀਤੇ ਗਏ ਏਐਸਆਈ ਨੂੰ ਪੁਲਿਸ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ।
ਲਾਲੜੂ ਦੇ ਧਰਮਪਾਲ ਜੋ 3BRD ਏਅਰ ਫੋਰਸ ਸਟੇਸ਼ਨ, ਚੰਡੀਗੜ੍ਹ ਵਿਚ ਕੀਪਿੰਗ ਸਟਾਫ ਦੇ ਰੂਪ ਵਿੱਚ ਕੰਮ ਕਰਦਾ ਹੈ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਮਈ 2018 ਵਿਚ ਚੰਡੀਗੜ੍ਹ ਦੇ ਸੈਕਟਰ-32 ਵਿਚ ਮਿੱਤਲ ਫਾਈਨਾਂਸ ਤੋਂ ਆਪਣੇ ਪੁੱਤਰ ਦੇ ਵਿਆਹ ਲਈ 3,20,000 ਦਾ ਕਰਜ਼ਾ ਲਿਆ ਸੀ । ਸਮਝੌਤੇ ਮੁਤਾਬਕ, ਉਸ ਦਾ ਭੁਗਤਾਨ 16,000 ਪ੍ਰਤੀ ਮਹੀਨਾ ਦੀ ਕਿਸ਼ਤ ਨਾਲ ਕਰਨਾ ਸੀ। ਉਸਨੇ ਕਿਹਾ ਕਿ ਉਹ ਅਕਤੂਬਰ 2020 ਤੱਕ ਕਿਸ਼ਤਾਂ ਦਾ ਬਾਕਾਇਦਾ ਭੁਗਤਾਨ ਕਰਦਾ ਆ ਰਿਹਾ ਸੀ, ਪਰ ਉਹ ਇਸ ਦੀ ਕੋਈ ਰਸੀਦ ਨਹੀਂ ਦੇ ਰਹੇ ਸੀ, ਇਸ ਲਈ ਉਸਨੇ ਫਾਈਨਾਂਸਰ ਨੂੰ ਹੋਰ ਅਦਾਇਗੀਆਂ ਕਰਨਾ ਬੰਦ ਕਰ ਦਿੱਤਾ।
ਉਸ ਨੇ ਕਿਹਾ ਕਿ ਉਹ ਹੁਣ ਤੱਕ 29 ਕਿਸ਼ਤਾਂ ਵਿੱਚ 4,64,000 ਦੇ ਚੁੱਕਾ ਹੈ। ਉਸ ਖਿਲਾਫ ਕਰਜ਼ੇ ਦੀ ਅਦਾਇਗੀ ਨਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਨਾ ਕਰਨ ਲਈ ਪੁਲਿਸ ਮੁਲਾਜ਼ਮ ਨੇ ਉਸ ਤੋਂ 70 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤ ਦੇ ਅਧਾਰ ‘ਤੇ, ਸੀਬੀਆਈ ਨੇ ਇੱਕ ਜਾਲ ਵਿਛਾਇਆ ਅਤੇ ਰਿਸ਼ਵਤ ਦੀ ਰਕਮ ਲਂਦੇ ਹੋਏ ਚੰਡੀਗੜ੍ਹ ਦੇ ਪੁਲਿਸ ਮੁਲਾਜ਼ਮ ਨੂੰ ਰਿਸ਼ਵਤ ਦੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।