Madhya Pradesh govt decides: ਸ਼ਹਿਰ ਦਾ ਨਾਮ ਬਦਲੇ ਜਾਣ ਦੀ ਰਾਹ ‘ਤੇ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਦੀ ਤਰਜ਼ ‘ਤੇ ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਵੀ ਚੱਲ ਪਏ ਹਨ । ਸ਼ਿਵਰਾਜ ਸਿੰਘ ਚੌਹਾਨ ਨੇ ਸਭ ਤੋਂ ਪਹਿਲਾਂ ਹੋਸ਼ੰਗਾਬਾਦ ਦਾ ਨਾਮ ਬਦਲ ਕੇ ‘ਨਰਮਦਾਪੁਰਮ’ ਕਰਨ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਸ਼ਿਵਰਾਜ ਮਾਂ ਨਰਮਦਾ ਦੇ ਜਨਮ ਦਿਵਸ ਮੌਕੇ ਇੱਕ ਸਮਾਗਮ ਵਿੱਚ ਆਪਣੀ ਪਤਨੀ ਨਾਲ ਸ਼ਾਮਿਲ ਹੋਏ ਅਤੇ ਸਟੇਜ ਤੋਂ ਉਨ੍ਹਾਂ ਨੇ ਹੋਸ਼ੰਗਾਬਾਦ ਦਾ ਨਾਮ ਬਦਲ ਕੇ ਨਰਮਦਾਪੁਰਮ ਰੱਖਣ ਦੀ ਗੱਲ ਕਹੀ ਹੈ।
ਨਰਮਦਾ ਜਯੰਤੀ ਮੌਕੇ ਮੁੱਖ ਰੂਪ ਨਾਲ ਪ੍ਰਦੇਸ਼ ਮੁੱਖ ਮੰਤਰੀ ਸ਼ਿਵਰਾਜ ਨੇ ਜਲ ਮੰਚ ਤੋਂ ਮਾਂ ਨਰਮਦਾ ਦੀ ਪੂਜਾ ਅਰਚਨਾ ਕੀਤੀ । ਨਰਮਦਾ ਜਯੰਤੀ ਉਤਸਵ ਦੌਰਾਨ ਮਾਂ ਨਰਮਦਾ ਦੀ ਸ਼ਰਧਾ ਵਿੱਚ ਡੁੱਬੇ ਸੀ.ਐੱਮ. ਸ਼ਿਵਰਾਜ ਸਿੰਘ ਨੇ ਸਟੇਜ ਤੋਂ ਭਜਨ ਵੀ ਗਾਏ। ਆਪਣੇ ਭਾਸ਼ਣ ਵਿੱਚ ਮੁੱਖ ਮੰਤਰੀ ਨੇ ਕਿਹਾ, ‘ਹੋਸ਼ੰਗਾਬਾਦ ਦਾ ਨਾਮ ਬਦਲ ਕੇ ਨਰਮਦਾਪੁਰਮ ਰੱਖਣ ਦਾ ਦੀ ਪੂਰਾ ਪ੍ਰਸਤਾਵ ਕੇਂਦਰ ਸਰਕਾਰ ਨੂੰਭੇਜਿਆ ਜਾਵੇਗਾ।’
ਸ਼ਿਵਰਾਜ ਸਿੰਘ ਚੌਹਾਨ ਦੇ ਇਸ ਐਲਾਨ ਤੋਂ ਬਾਅਦ ਇਸ ਮੁੱਦੇ ‘ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ । ਰਾਜ ਵਿੱਚ ਵਿਰੋਧੀ ਧਿਰ ਕਾਂਗਰਸ ਨਾਮ ਬਦਲਣ ਦੇ ਪ੍ਰਸਤਾਵ ਦਾ ਵਿਰੋਧ ਕਰ ਰਹੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ, ਹੋਸ਼ੰਗਾਬਾਦ ਦਾ ਨਾਮ ਬਦਲਣ ਨਾਲ ਕੁਝ ਨਹੀਂ ਹੋਵੇਗਾ, ਕੰਮ ਵਿੱਚ ਬਦਲਾਅ ਹੋਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਅਤੇ ਪ੍ਰੋਟੇਮ ਸਪੀਕਰ ਰਮੇਸ਼ਵਰ ਸ਼ਰਮਾ ਵੀ ਹੋਸ਼ੰਗਾਬਾਦ ਦਾ ਨਾਮ ਬਦਲ ਕੇ ਨਰਮਦਾਪੁਰਮ ਕਰਨ ਦੀ ਮੰਗ ਕਰ ਚੁੱਕੇ ਹਨ । ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਹੁਸੰਗ ਸ਼ਾਹ ਦੇ ਨਾਮ ਨਾਲ ਹੋਸ਼ੰਗਾਬਾਦ ਨੂੰ ਨਹੀਂ ਪਹਿਚਾਣਿਆ ਜਾਣਾ ਚਾਹੀਦਾ।