Rahul Gandhi on two-day visit: ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦੇ ਅੰਦੋਲਨ ਦਾ ਅੱਜ 90ਵਾਂ ਦਿਨ ਹੈ। ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ। ਇਸੇ ਵਿਚਾਲੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਆਪਣੇ ਹਲਕੇ ਵਾਯਨਾਡ ਵਿੱਚ ਕਿਸਾਨਾਂ ਨਾਲ ਇੱਕ ਟਰੈਕਟਰ ਰੈਲੀ ਕਰਨਗੇ । ਨਾਲ ਹੀ, ਰਾਹੁਲ ਗਾਂਧੀ ਲਗਭਗ ਅੱਧਾ ਦਰਜਨ ਯੋਜਨਾਵਾਂ ਦਾ ਉਦਘਾਟਨ ਵੀ ਕਰਨਗੇ । ਟਰੈਕਟਰ ਰੈਲੀ ਤੋਂ ਬਾਅਦ ਉਹ ਕਿਸਾਨਾਂ ਦੇ ਇਕੱਠ ਨੂੰ ਵੀ ਸੰਬੋਧਨ ਕਰਨਗੇ । ਜਿਸ ਤੋਂ ਇਹ ਸਪੱਸ਼ਟ ਹੈ ਕਿ ਅੱਜ ਉਹ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਫਿਰ ਹਮਲਾ ਕਰ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਦੁਪਹਿਰ 11.45 ਵਜੇ ਵਾਯਨਾਡ ਦੇ ਮੰਦਾਦ ਤੋਂ ਮਟਿਲ ਰੇਲਵੇ ਸਟੇਸ਼ਨ ਤੱਕ ਇਕ ਟਰੈਕਟਰ ਰੈਲੀ ਵਿੱਚ ਹਿੱਸਾ ਲੈਣਗੇ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਸਵੇਰੇ 9.15 ਵਜੇ ਵਾਯਨਾਡ ਦੇ ਇਨਫੈਂਟ ਜੀਸਸ ਸਕੂਲ ਵਿਖੇ ਵਿਦਿਆ ਵਾਹਨੀ ਬੱਸ ਸੇਵਾ ਦੀ ਸ਼ੁਰੂਆਤ ਕਰਨਗੇ। ਇਸ ਤੋਂ ਬਾਅਦ ਸਵੇਰੇ 10.45 ਵਜੇ ਉਹ ਵਾਯਨਾਡ ਦੇ ਸੇਂਟ ਜੋਸੇਫ ਸਕੂਲ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕਰਨਗੇ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੇ ਅਖੀਰ ਵਿੱਚ ਵਾਯਨਾਡ ਪਹੁੰਚੇ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਦਿੱਲੀ ਵਿੱਚ ਜਾਰੀ ਅੰਦੋਲਨ ਬਾਰੇ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਪੂਰੇ ਦੇਸ਼ ਦੇ ਕਿਸਾਨ ਖੇਤੀਬਾੜੀ ਕਾਨੂੰਨ ਦੀ ਹਕੀਕਤ ਨੂੰ ਸਮਝਦੇ ਹਨ ਤਾਂ ਪੂਰੇ ਦੇਸ਼ ਵਿੱਚ ਹੀ ਅੱਗ ਲੱਗ ਜਾਵੇਗੀ।
ਦੱਸ ਦੇਈਏ ਕਿ ਕੇਰਲਾ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਪੱਖ ਵਿੱਚ ਹਵਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਕੇਰਲਾ ਵਿੱਚ ਵਿਧਾਨ ਸਭਾ ਦੀਆਂ 140 ਸੀਟਾਂ ਹਨ। ਇਸ ਸਮੇਂ ਸੀਪੀਆਈ (ਐਮ) ਦੀ ਅਗਵਾਈ ਵਾਲੀ ਖੱਬੇ ਡੈਮੋਕਰੇਟਿਕ ਫਰੰਟ (ਐਲਡੀਐਫ) ਦੀ ਸਰਕਾਰ ਹੈ ਅਤੇ ਪਨਾਰਈ ਵਿਜਯਨ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ਵਿਚ ਐਲਡੀਐਫ ਨੂੰ 91 ਅਤੇ ਕਾਂਗਰਸ ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕਰੇਟਿਕ ਫਰੰਟ (ਯੂਡੀਐਫ) ਨੂੰ 47 ਸੀਟਾਂ ਮਿਲੀਆਂ ਸਨ।