Virat Kohli on the cusp: ਭਾਰਤ ਅਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਟੈਸਟ ਖੇਡਿਆ ਜਾਣਾ ਹੈ। ਅਹਿਮਦਾਬਾਦ ਟੈਸਟ ਵਿੱਚ ਵਿਰਾਟ ਕੋਹਲੀ ਕੋਲ ਮਹਿੰਦਰ ਸਿੰਘ ਧੋਨੀ ਦੇ ਭਾਰਤ ਵਿੱਚ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਦੇ ਰਿਕਾਰਡ ਨੂੰ ਤੋੜਨ ਦਾ ਮੌਕਾ ਹੈ। ਹਾਲਾਂਕਿ, ਕੋਹਲੀ ਨੇ ਕਿਹਾ ਹੈ ਕਿ ਉਨ੍ਹਾਂ ਲਈ ਕੋਈ ਰਿਕਾਰਡ ਮਾਇਨੇ ਨਹੀਂ ਰੱਖਦਾ ਅਤੇ ਉਹ ਸਿਰਫ ਟੈਸਟ ਵਿੱਚ ਟੀਮ ਇੰਡੀਆ ਦੀ ਜਿੱਤ ਚਾਹੁੰਦੇ ਹਨ।
ਜ਼ਿਕਰਯੋਗ ਹੈ ਕਿ ਚੇੱਨਈ ਟੈਸਟ ਵਿੱਚ ਟੀਮ ਇੰਡੀਆ ਨੇ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ ਸੀ । ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਧਰਤੀ ‘ਤੇ ਟੀਮ ਇੰਡੀਆ ਦੀ ਇਹ 21ਵੀਂ ਟੈਸਟ ਜਿੱਤ ਸੀ। ਇਸ ਜਿੱਤ ਨਾਲ ਵਿਰਾਟ ਕੋਹਲੀ ਨੇ ਧੋਨੀ ਦੇ 21 ਟੈਸਟ ਮੈਚ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕੀਤੀ । ਜੇ ਟੀਮ ਇੰਡੀਆ ਡੇਅ-ਨਾਈਟ ਟੈਸਟ ਜਿੱਤਣ ਵਿੱਚ ਸਫਲ ਹੁੰਦੀ ਹੈ ਤਾਂ ਇਹ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਘਰੇਲੂ ਮੈਦਾਨ ‘ਤੇ 22ਵੀਂ ਜਿੱਤ ਹੋਵੇਗੀ ਅਤੇ ਉਹ ਭਾਰਤ ਦੇ ਸਭ ਤੋਂ ਸਫਲ ਕਪਤਾਨ ਬਣ ਜਾਣਗੇ।
ਦੱਸ ਦੇਈਏ ਕਿ ਭਾਰਤ ਵਿੱਚ ਸਭ ਤੋਂ ਵੱਧ ਟੈਸਟ ਜਿੱਤਣ ਦੇ ਮਾਮਲੇ ਵਿੱਚ ਮੁਹੰਮਦ ਅਜ਼ਰੂਦੀਨ ਤੀਜੇ ਨੰਬਰ ‘ਤੇ ਹੈ, ਜਿਸ ਦੀ ਅਗਵਾਈ ਵਿੱਚ ਟੀਮ ਇੰਡੀਆ ਨੇ ਘਰੇਲੂ ਮੈਦਾਨ ‘ਤੇ 13 ਟੈਸਟ ਜਿੱਤੇ । ਟੀਮ ਨੇ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ ਭਾਰਤ ਵਿੱਚ 10 ਟੈਸਟ ਜਿੱਤੇ, ਜਦਕਿ ਗਾਵਸਕਰ ਨੇ 7 ਵਾਰ ਟੀਮ ਨੂੰ ਭਾਰਤ ਵਿੱਚ ਜੇਤੂ ਬਣਾਇਆ। ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਹੁਣ 1-1 ਨਾਲ ਬਰਾਬਰ ਹੈ। ਇਸ ਸੀਰੀਜ਼ ਦੇ ਆਖਰੀ ਦੋ ਮੈਚ ਅਹਿਮਦਾਬਾਦ ਵਿੱਚ ਹੀ ਖੇਡੇ ਜਾਣਗੇ।