Sakhi of Kalgidhar Patshah : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਨੰਦਪੁਰ ਦੀ ਧਰਤੀ ‘ਤੇ ਇੱਕ ਵਾਰ ਸੰਨਿਆਸੀ ਮੱਤ ਨਾਲ ਸਬੰਧ ਰੱਖਣ ਵਾਲੇ ਜੋਗੀਆਂ ਦੀ ਟੋਲੀ ਆਈ। ਕਲਗੀਧਰ ਪਾਤਸ਼ਾਹ ਅੱਗੇ ਉਨ੍ਹਾਂ ਨੇ ਆਪਣੇ ਸਨਿਆਸ ਮਤ ਦੀ ਵਡਿਆਈ ਕਰਦੇ ਹੋਏ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਕਹਿਣ ਲੱਗੇ ਕਿ ਸਥੂਲ ਮਾਇਆ ਨੂੰ ਹੱਥ ਤੱਕ ਨਹੀਂ ਲਾਉਂਦੇ। ਕਿਸੇ ਵੀ ਮੁਸ਼ਕਲ ਵੇਲੇ ਪ੍ਰਮਾਤਮਾ ਆਪੇ ਸਾਡੀ ਲੋੜ ਪੂਰੀ ਕਰ ਦਿੰਦਾ ਹੈ। ਉਥੇ ਦੂਜੇ ਪਾਸੇ ਉਹ ਦਸਵੇੰ ਪਾਤਸ਼ਾਹ ਨੂੰ ਕਹਿਣ ਲੱਗੇ ਕਿ ਪਾਤਸ਼ਾਹ! ਤੁਹਾਡੇ ਪਾਸ ਮਾਇਆ ਦੇ ਭੰਡਾਰ ਭਰੇ ਪਏ ਹਨ, ਉਪਰੋਂ ਸਿਆਲ ਆ ਰਿਹਾ ਹੈ, ਸਾਨੂੰ ਗਰਮ ਕੱਪੜੇ ਚਾਹੀਦੇ ਹਨ ਅਤੇ ਪ੍ਰਮਾਤਮਾ ਦੀ ਪ੍ਰੇਰਣਾ ਨਾਲ ਹੀ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਇਸ ਲਈ ਸਾਡੀ ਲੋੜ ਹੁਣ ਤੁਸੀਂ ਹੀ ਪੂਰੀ ਕਰੋ।
ਕਲਗੀਧਰ ਪਾਤਸ਼ਾਹ ਨੇ ਇਸ ‘ਤੇ ਮੁਸਕਰਾਉਂਦੇ ਹੋਏ ਸਨਿਆਸੀਆਂ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੀਆਂ ਪੋਥੀਆਂ, ਤੂੰਬੇ, ਕੁਠਾਰੀਆਂ, ਚਿੱਪੀਆਂ, ਪਿਆਲੇ ਆਦਿਕ ਸਾਰਾ ਸਮਾਨ ਇੱਕ ਥਾਂ ‘ਤੇ ਰੱਖ ਦੇਵੋ ਤੇ ਪਹਿਲਾਂ ਲੰਗਰ ਛਕੋ। ਸਤਿਗੁਰੂ ਜੀ ਦਾ ਬਚਨ ਮੰਨ ਕੇ ਸੰਨਿਆਸੀ ਲੰਗਰ ਛਕਣ ਲਈ ਪੰਗਤ ਵਿੱਚ ਬੈਠ ਗਏ। ਉਧਰ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਬੁਲਾਇਆ ਅਤੇ ਕਿਹਾ ਕਿ ਇਨ੍ਹਾਂ ਦੀਆਂ ਪੋਥੀਆਂ ਖੋਲ੍ਹ ਕੇ ਦੇਖੋ ਅਤੇ ਜਿੰਨੀਂ ਮਾਇਆ ਨਿਕਲੇ ਉਸੇ ਪੋਥੀ ਵਿੱਚ ਰੱਖੀ ਜਾਣੀ ਹੈ ਤੇ ਦੂਸਰੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਕੋਲੇ ਲਿਆਉ ਤੇ ਇਨ੍ਹਾਂ ਦੀਆਂ ਚਿੱਪੀਆਂ, ਕੁਠਾਰੀਆਂ, ਤੂਬਿਆਂ ਹੇਠ ਜਾਂ ਅੰਦਰ ਜੋ ਰਾਲ ਲੱਗੀ ਹੈ, ਉਸ ਨੂੰ ਗਰਮ ਕਰਕੇ ਵੇਖੋ, ਵਿੱਚੋਂ ਕੀ ਕੁਝ ਨਿਕਲਦਾ ਹੈ? ਸਚਮੁੱਚ ਜਦੋਂ ਸਿੱਖਾਂ ਨੇ ਸਨਿਆਸੀਆਂ ਦੀਆਂ ਪੋਥੀਆਂ ਖੋਹਲੀਆਂ ਤਾਂ ਪੋਥੀਆਂ ਦੇ ਬਾਹਰਲੇ ਕੱਪੜਿਆਂ ‘ਚੋਂ ਮੋਹਰਾਂ ਬਰਾਮਦ ਹੋਈਆਂ। ਜਦੋਂ ਤੂੰਬਿਆਂ, ਚਿੱਪੀਆਂ ਦੀ ਰਾਲ ਗਰਮ ਕਰਕੇ ਉਤਾਰੀ ਤਾਂ ਉਨ੍ਹਾਂ ਵਿੱਚੋਂ ਵੀ ਮੋਹਰਾਂ ਤੇ ਰੁਪਏ ਨਿਕਲੇ।
ਜਦੋਂ ਸੰਨਿਆਸੀ ਗੁਰੂ ਸਾਹਿਬ ਕੋਲ ਆਏ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਸ਼ਰਮਿੰਦੇ ਹੋਏ। ਗੁਰੂ ਜੀ ਨੇ ਪੁੱਛਿਆ, ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਕਦੇ ਮਾਇਆ ਨੂੰ ਹੱਥ ਤੱਕ ਨਹੀਂ ਲਾਇਆ ਤਾਂ ਫਿਰ ਇਹ ਕੀ ਹੈ? ਇਹ ਮੋਹਰਾਂ ਤੇ ਰੁਪਏ ਕਿਸ ਵਾਸਤੇ ਰੱਖੇ ਹੋਏ ਹਨ? ਜੇ ਤੁਹਾਨੂੰ ਠੰਡ ਲਗਦੀ ਹੈ ਤਾਂ ਇਨ੍ਹਾਂ ਨਾਲ ਤੁਸੀਂ ਲੋਈਆਂ ਤੇ ਗਰਮ ਕੱਪੜੇ ਖਰੀਦ ਸਕਦੇ ਹੋ। ਇੱਕ ਪਾਸੇ ਤੁਸੀਂ ਆਪਣੇ ਆਪ ਨੂੰ ਮਾਇਆ ਤੋਂ ਅਤੀਤ ਦੱਸਦੇ ਹੋ ਅਤੇ ਫਿਰ ਲੋਕਾਂ ਅੱਗੇ ਹੱਥ ਅੱਡ ਕੇ ਮੰਗਤੇ ਬਣ ਮੰਗਦੇ ਹੋ, ਜੋ ਇੱਕ ਸਾਧੂ ਨੂੰ ਬਿਲਕੁਲ ਵੀ ਸੋਭਾ ਨਹੀਂ ਦਿੰਦਾ। ਜੋ ਮਨੁੱਖ ਕਿਸੇ ਦੇ ਅੱਗੇ ਹੱਥ ਅੱਡ ਕੇ ਮੰਗਦਾ ਹੈ, ਉਸ ਨੂੰ ਥਾਂ-ਥਾਂ ਤੋਂ ਫਿਟਕਾਰਾਂ ਹੀ ਮਿਲਦੀਆਂ ਹਨ। ਮੰਗਣ ਵਾਲੇ ਨੂੰ ਨਾ ਸੰਸਾਰ ਵਿੱਚ ਨਾ ਪ੍ਰਭੂ ਦਰਗਾਹ ਵਿੱਚ ਕੋਈ ਮਾਣ-ਸਤਿਕਾਰ ਮਿਲਦਾ ਹੈ। ਸਨਿਆਸੀ ਹੋ ਕੇ ਇਸ ਤਰ੍ਹਾਂ ਮਾਇਆ ਨਾਲ ਮੋਹ ਰੱਖਣਾ ਤੁਹਾਨੂੰ ਸੋਭਦਾ ਨਹੀਂ। ਗੁਰੂ ਜੀ ਦੀਆਂ ਗੱਲਾਂ ਸੁਣ ਕੇ ਸਨਿਆਸੀਆਂ ਨੂੰ ਆਪਣੇ ਕੀਤੇ ਦਾ ਪਛਤਾਵਾ ਹੋਇਆ ਅਤੇ ਉਨ੍ਹਾਂ ਨੇ ਮਾਫੀ ਮੰਗਦੇ ਹੋਏ ਅੱਗੇ ਤੋਂ ਅਜਿਹਾ ਕਰਨ ਤੋਂ ਤੌਬਾ ਕੀਤੀ।