Elections in five states : ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਤੇ ਅਸਾਮ ਸਮੇਤ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਅੱਜ ਐਲਾਨ ਕੀਤਾ ਜਾ ਸਕਦਾ ਹੈ। ਚੋਣ ਕਮਿਸ਼ਨ ਨੇ ਅੱਜ ਸ਼ਾਮ 4.30 ਵਜੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਸੱਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਪ੍ਰੈਸ ਕਾਨਫਰੰਸ ‘ਚ ਚਾਰ ਸੂਬਿਆਂ ਪੱਛਮੀ ਬੰਗਾਲ ,ਅਸਾਮ,ਤਾਮਿਲਨਾਡੂ, ਤੇ ਕੇਰਲ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ‘ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਚੋਣ ਕਮਿਸ਼ਨ ਦੇ ਸੂਤਰਾਂ ਅਨੁਸਾਰ ਪੱਛਮੀ ਬੰਗਾਲ ‘ਚ 6 ਤੋਂ 8 ਪੜਾਵਾਂ ‘ਚ ਚੋਣਾਂ ਹੋ ਸਕਦੀਆਂ ਹਨ, ਜਦੋਂਕਿ ਅਸਾਮ ‘ਚ ਤਿੰਨ ਪੜਾਵਾਂ ‘ਚ ਵੋਟਿੰਗ ਹੋ ਸਕਦੀ ਹੈ। ਇਸ ਤੋਂ ਇਲਾਵਾ ਕੇਰਲ, ਤਾਮਿਲਨਾਡੂ ਤੇ ਪੁਡੂਚੇਰੀ ‘ਚ ਇੱਕ ਪੜਾਅ ‘ਚ ਚੋਣਾਂ ਕਰਾਉਣ ਦੀ ਸੰਭਾਵਨਾ ਹੈ। ਸਾਰੇ ਹੀ ਸੂਬਿਆਂ ਦੀ ਗਿਣਤੀ ਇਕੋ ਦਿਨ ਹੋਵੇਗੀ। ਵਿਧਾਨ ਸਭਾ ਗਠਨ ਦੀ ਪ੍ਰਕਿਰਿਆ 1 ਮਈ ਤੋਂ ਪਹਿਲਾਂ ਪੂਰੀ ਹੋ ਜਾਵੇਗੀ।
ਪੰਜ ਸੂਬਿਆਂ ‘ਚ ਹੋਣ ਵਾਲਿਆਂ ਚੋਣਾਂ ‘ਚ ਪੱਛਮੀ ਬੰਗਾਲ ਸਭ ਤੋਂ ਵੱਧ ਚਰਚਾ ‘ਚ ਹੈ। ਪੱਛਮੀ ਬੰਗਾਲ ‘ਚ ਸੱਤਾਧਾਰੀ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਤੇ ਭਾਜਪਾ ਦਰਮਿਆਨ ਨੇੜਲੇ ਲੜਾਈ ਹੋਣ ਦੀ ਉਮੀਦ ਹੈ। ਤਾਮਿਲਨਾਡੂ ‘ਚ ਡੀਐਮਕੇ-ਕਾਂਗਰਸ ਗੱਠਜੋੜ ਸੱਤਾਧਾਰੀ ਏਆਈਏਡੀਐਮਕੇ ਨੂੰ ਸਖਤ ਟੱਕਰ ਦੇ ਰਿਹਾ ਹੈ। ਕੇਰਲ ‘ਚ ਐਲਡੀਐਫ ਤੇ ਯੂਡੀਐਫ ਦਰਮਿਆਨ ਮੁਕਾਬਲਾ ਹੈ, ਜਦਕਿ ਅਸਾਮ ‘ਚ ਭਾਜਪਾ ਤੇ ਕਾਂਗਰਸ ਦੀ ਅਗਵਾਈ ਵਾਲੇ ਗੱਠਜੋੜ ਦਰਮਿਆਨ ਮੁਕਾਬਲਾ ਹੈ। ਪੁਡੂਚੇਰੀ ‘ਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਹਾਲ ਹੀ ‘ਚ ਡਿੱਗੀ ਹੈ। ਉਥੇ ਵੀ ਕਾਂਗਰਸ-ਡੀਐਮਕੇ ਗੱਠਜੋੜ ਤੇ ਭਾਜਪਾ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ।