Girl ran away from home with four boys : ਉੱਤਰ ਪ੍ਰਦੇਸ਼ ਦੇ ਅੰਬੇਦਕਰ ਨਗਰ ਦੇ ਟਾਂਡਾ ਖੇਤਰ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੰਚਾਇਤ ਲੜਕੀ ਦੇ ਵਿਆਹ ਲਈ ਲਾੜੇ ਦੀ ਚੋਣ ਲਈ ਬੈਠੀ ਅਤੇ ਪੰਚ ਨੂੰ ਪਰਚੀ ਪਾ ਕੇ ਫੈਸਲਾ ਕਰਨਾ ਪਿਆ। ਇਹ ਲੜਕੀ ਚਾਰ ਮੁੰਡਿਆਂ ਨਾਲ ਘਰੋਂ ਭੱਜ ਗਈ ਸੀ ਅਤੇ ਲੜਕੀ ਖ਼ੁਦ ਇਹ ਫੈਸਲਾ ਨਹੀਂ ਕਰ ਸਕੀ ਕਿ ਉਸ ਨੂੰ ਕਿਹੜਾ ਲੜਕਾ ਵਧੇਰੇ ਪਸੰਦ ਹੈ, ਜਾਂ ਕਿਸ ਨਾਲ ਵਿਆਹ ਕਰਨਾ ਚਾਹੀਦਾ ਹੈ।
ਕੋਤਵਾਲੀ ਟਾਂਡਾ ਦੇ ਅਜੀਮਨਗਰ ਥਾਣਾ ਖੇਤਰ ਵਿੱਚ ਇਸ ਸਮੱਸਿਆ ਦੇ ਹੱਲ ਲਈ ਪੰਚਾਇਤ ਬੈਠੀ ਤੇ ਪਰਚੀ ਪਾ ਕੇ ਫੈਸਲਾ ਲਿਆ ਗਿਆ। ਇਹ ਚਾਰ ਨੌਜਵਾਨ ਇਸ ਲੜਕੀ ਨੂੰ ਪੰਜ ਦਿਨ ਪਹਿਲਾਂ ਘਰੋਂ ਲੈ ਗਏ ਸਨ। ਮੁਲਜ਼ਮਾਂ ਨੇ ਲੜਕੀ ਨੂੰ ਦੋ ਦਿਨਾਂ ਤਕ ਆਪਣੀ ਰਿਸ਼ਤੇਦਾਰੀ ਵਿੱਚ ਲੁਕਾ ਕੇ ਰੱਖਿਆ ਪਰ ਛਾਣਬੀਣ ਵਿੱਚ ਉਹ ਲੋਕ ਫੜੇ ਗਏ। ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦੀ ਤਿਆਰੀ ਸ਼ੁਰੂ ਕਰ ਦਿੱਤੀ, ਪਰ ਪੰਚਾਇਤ ਨੇ ਵਿਆਹ ਕਰਵਾਉਣ ਦਾ ਪ੍ਰਸਤਾਵ ਦਿੱਤਾ। ਜਦੋਂ ਲੜਕੀ ਨੂੰ ਪੁੱਛਿਆ ਗਿਆ, ਤਾਂ ਉਹ ਫੈਸਲਾ ਨਹੀਂ ਕਰ ਸਕੀ ਕਿ ਉਹ ਆਪਣੀ ਜੀਵਨ ਸਾਥੀ ਕਿਸ ਨੂੰ ਚੁਣੇਗੀ।
ਦੱਸ ਦੇਈਏ ਕਿ ਕੁੜੀ ਨੂੰ ਭਜਾ ਕੇ ਲਿਜਾਣ ਵਾਲਾ ਕੋਈ ਵੀ ਨੌਜਵਾਨ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਇਸ ਮਸਲੇ ਦਾ ਕੋਈ ਹੱਲ ਨਾ ਲੱਭਣ ‘ਤੇ ਪੰਚਾਂ ਨੇ ਬੰਦ ਕਮਰੇ ਵਿੱਚ ਤਿੰਨ ਦਿਨਾਂ ਲਈ ਵਿਚਾਰ-ਵਟਾਂਦਰਾ ਕੀਤਾ ਕਿ ਹੁਣ ਕੀ ਕੀਤਾ ਜਾ ਸਕਦਾ ਹੈ। ਕਾਫ਼ੀ ਵਿਚਾਰ-ਵਟਾਂਦਰੇ ਤੋਂ ਬਾਅਦ ਪੰਚਾਇਤ ਨੇ ਫੈਸਲਾ ਲਿਆ ਕਿ ਹੁਣ ਲੜਕੀ ਨਾਲ ਕੌਣ ਵਿਆਹ ਕਰੇਗਾ, ਇਸ ਬਾਰੇ ਫੈਸਲਾ ਸਿਰਫ ਪਰਚੀ ਪਾ ਕੇ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਚਾਰਾਂ ਨੌਜਵਾਨਾਂ ਦੇ ਨਾਵਾਂ ਦੀ ਪਰਚੀ ਪਾ ਦਿੱਤੀ ਗਈ ਅਤੇ ਜੋ ਨਾਮ ਸਾਹਮਣੇ ਆਇਆ ਉਸ ‘ਤੇ ਸਮਝੌਤਾ ਹੋ ਗਿਆ। ਪੰਚਾਇਤ ਦੌਰਾਨ ਚਾਰੇ ਨੌਜਵਾਨਾਂ ਦੇ ਨਾਮ ਇੱਕ ਪਰਚੀ ‘ਤੇ ਲਿਖਣ ਤੋਂ ਬਾਅਦ ਉਨ੍ਹਾਂ ਨੂੰ ਕਟੋਰੀ ਵਿੱਚ ਰੱਖਿਆ ਗਿਆ। ਇਸ ਦੌਰਾਨ ਪੰਚਾਂ ਨੇ ਇੱਕ ਛੋਟੇ ਬੱਚੇ ਨੂੰ ਪਰਚੀ ਚੁੱਕਣ ਲਈ ਕਿਹਾ। ਬੱਚੇ ਦੀ ਪਰਚੀ ਚੁੱਕਣ ਤੋਂ ਬਾਅਦ ਤਿੰਨ ਦਿਨਾਂ ਤੋਂ ਚੱਲ ਰਿਹਾ ਵਿਵਾਦ ਸੁਲਝ ਗਿਆ ਅਤੇ ਲੜਕੀ ਦਾ ਵਿਆਹ ਉਸੇ ਨੌਜਵਾਨ ਨਾਲ ਹੋਇਆ, ਜਿਸਦਾ ਨਾਮ ਪਰਚੀ ਵਿੱਚ ਆਇਆ ਸੀ।