World Test Championship final: ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲਾ ਖ਼ਿਤਾਬੀ ਮੈਚ ਲਾਰਡਜ਼ ਦੇ ਇਤਿਹਾਸਕ ਮੈਦਾਨ ਵਿੱਚ ਨਹੀਂ ਖੇਡਿਆ ਜਾਵੇਗਾ । ਮੀਡੀਆ ਰਿਪੋਰਟਾਂ ਅਨੁਸਾਰ ਫਾਈਨਲ ਮੁਕਾਬਲੇ ਲਈ ICC ਵੱਲੋਂ ਦੂਜੀ ਜਗ੍ਹਾ ਦੀ ਭਾਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਖ਼ਿਤਾਬੀ ਮੈਚ 18 ਜੂਨ ਨੂੰ ਲੰਡਨ ਦੇ ਲਾਰਡਜ਼ ਵਿੱਚ ਖੇਡਿਆ ਜਾਵੇਗਾ, ਜਿਸ ਨੂੰ ਕ੍ਰਿਕਟ ਦਾ ਮੱਕਾ ਕਿਹਾ ਜਾਂਦਾ ਹੈ।
ਇਸ ਸਬੰਧੀ ICC ਦੇ ਇੱਕ ਸੂਤਰ ਨੇ ਦੱਸਿਆ ਕਿ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਕਿੱਥੇ ਖੇਡਿਆ ਜਾਵੇਗਾ, ਇਸਦਾ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ । ICC ਲਾਰਡਜ਼ ਵਿਖੇ ਹੋਣ ਵਾਲੇ ਖ਼ਿਤਾਬੀ ਮੈਚ ਲਈ ਹੋਰ ਥਾਵਾਂ ‘ਤੇ ਵਿਚਾਰ ਕਰ ਰਹੀ ਹੈ। ਆਈਸੀਸੀ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਅਤੇ ਉਨ੍ਹਾਂ ਦੇ ਡਾਕਟਰੀ ਪੇਸ਼ੇਵਰਾਂ ਦੀ ਸਲਾਹ ਤੋਂ ਬਾਅਦ ਫਾਈਨਲ ਦੇ ਲਈ ਜਗ੍ਹਾ ‘ਤੇ ਵਿਚਾਰ ਕਰੇਗੀ, ਕਿਉਂਕਿ ਇੱਥੇ ਬਾਇਓ ਬਬਲ ਦਾ ਮੁੱਦਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਪੁਆਇੰਟ ਟੇਬਲ ਵਿੱਚ 520 ਅੰਕਾਂ ਨਾਲ ਪਹਿਲੇ ਨੰਬਰ ‘ਤੇ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ 420 ਅੰਕਾਂ ਨਾਲ ਦੂਜੇ ਸਥਾਨ ‘ਤੇ ਹੈ। ਆਸਟ੍ਰੇਲੀਆ 332 ਅੰਕਾਂ ਨਾਲ ਤੀਜੇ ਨੰਬਰ ‘ਤੇ ਰਿਹਾ ਅਤੇ ਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਗੁਆ ਬੈਠਾ। ਇਸ ਦੇ ਨਾਲ ਹੀ ਮੇਜ਼ਬਾਨ ਭਾਰਤ ਖਿਲਾਫ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਹਾਰਨ ਤੋਂ ਬਾਅਦ ਇੰਗਲੈਂਡ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ। ਹਾਲਾਂਕਿ, ਇੰਗਲਿਸ਼ ਟੀਮ 442 ਅੰਕਾਂ ਨਾਲ ਚੌਥੇ ਸਥਾਨ ‘ਤੇ ਰਹੀ।
ਦੱਸ ਦੇਈਏ ਕਿ ਭਾਰਤ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਚੌਥਾ ਤੇ ਆਖਰੀ ਟੈਸਟ ਤਿੰਨ ਦਿਨਾਂ ਵਿੱਚ ਹੀ ਜਿੱਤ ਕੇ ਫਾਈਨਲ ਲਈ ਕੁਆਲੀਫਾਈ ਕਰ ਲਿਆ। ਜੇ ਇਹ ਮੈਚ ਡਰਾਅ ਵੀ ਹੋ ਜਾਂਦਾ ਤਾਂ ਭਾਰਤੀ ਟੀਮ ਕੁਆਲੀਫਾਈ ਕਰ ਲੈਂਦੀ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਵੱਲੋਂ ਅਕਸ਼ਰ ਪਟੇਲ ਅਤੇ ਅਸ਼ਵਿਨ ਨੇ 5-5 ਵਿਕਟਾਂ ਲਈਆਂ । ਇੰਗਲੈਂਡ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 160 ਦੌੜਾਂ ਬਣਾਉਣੀਆਂ ਸਨ, ਪਰ ਉਨ੍ਹਾਂ ਦੀ ਦੂਜੀ ਪਾਰੀ 135 ਦੌੜਾਂ ‘ਤੇ ਸਿਮਟ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ ਇੱਕ ਪਾਰੀ ਅਤੇ 25 ਦੌੜਾਂ ਦੀ ਮਦਦ ਨਾਲ ਜਿੱਤ ਲਿਆ।
ਇਹ ਵੀ ਦੇਖੋ: ਇਸ ਥਾਂ ‘ਤੇ ਦੁਨੀਆਂ ਅੱਜ ਆਖਰੀ ਸਲਾਮ ਕਹੇਗੀ ਸਰਦੂਲ ਸਿਕੰਦਰ ਨੂੰ, ਸ਼ਰਧਾਂਜਲੀ ਸਮਾਗਮ ਤੋਂ LIVE…