India vs England 4th T20: ਭਾਰਤ ਅਤੇ ਇੰਗਲੈਂਡ ਵਿਚਾਲੇ ਜਾਰੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਸ਼ਾਮ 7 ਵਜੇ ਤੋਂ ਮੋਟੇਰਾ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਕਾਰਨ ਇਹ ਮੈਚ ਇੱਕ ਵਾਰ ਫਿਰ ਅਹਿਮਦਾਬਾਦ ਦੇ ਖਾਲੀ ਸਟੇਡੀਅਮ ਵਿਚ ਖੇਡਿਆ ਜਾਵੇਗਾ । ਟੀਮ ਇੰਡੀਆ ਇਸ ਸਮੇਂ ਪੰਜ ਮੈਚਾਂ ਦੀ ਸੀਰੀਜ਼ ਵਿੱਚ 1-2 ਨਾਲ ਪਿੱਛੇ ਚੱਲ ਰਹੀ ਹੈ। ਅਜਿਹੇ ਵਿੱਚ ਸੀਰੀਜ਼ ਵਿੱਚ ਬਣੇ ਰਹਿਣ ਲਈ ਭਾਰਤ ਨੂੰ ਇਹ ਮੈਚ ਹਰ ਹਾਲਤ ਵਿੱਚ ਜਿੱਤਣਾ ਪਵੇਗਾ। ਇਸ ਦੇ ਨਾਲ ਹੀ ਇੰਗਲੈਂਡ ਦੀ ਨਜ਼ਰ ਮੈਚ ਜਿੱਤਣ ਅਤੇ ਸੀਰੀਜ਼ ਨੂੰ ਆਪਣੇ ਨਾਮ ਕਰਨ ‘ਤੇ ਰਹੇਗੀ । ਵਿਰਾਟ ਫੌਜ ਲਈ ਇਸ ਮੈਚ ਦੀ ਸਭ ਤੋਂ ਵੱਡੀ ਚੁਣੌਤੀ ਇੰਗਲੈਂਡ ਦੇ ਤੇਜ਼ ਗੇਂਦਬਾਜ਼ੀ ਹਮਲੇ ਨਾਲ ਨਜਿੱਠਣਾ ਹੈ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕੇ ਐਲ ਰਾਹੁਲ ਦਾ ਖਰਾਬ ਫਾਰਮ ਵੀ ਟੀਮ ਇੰਡੀਆ ਲਈ ਚਿੰਤਾ ਦਾ ਵਿਸ਼ਾ ਹੈ।
ਕੋਹਲੀ ਨੇ ਦਿੱਤੇ ਸੀ ਬਦਲਾਅ ਦੇ ਸੰਕੇਤ
ਭਾਰਤ ਨੇ ਤੀਜੇ ਟੀ-20 ਵਿੱਚ ਇੰਗਲੈਂਡ ਨੇ ਭਾਰਤ ਨੂੰ ਆਸਾਨੀ ਨਾਲ ਹਰਾ ਦਿੱਤਾ ਸੀ । ਇਸ ਹਾਰ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਚੌਥੇ ਟੀ-20 ਵਿੱਚ ਟੀਮ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਸਨ। ਕੋਹਲੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇੱਕ ਵਾਰ ਫਿਰ ਟੀਮ ਦੇ ਸੁਮੇਲ ਬਾਰੇ ਸੋਚਣਾ ਹੋਵੇਗਾ । ਦਰਅਸਲ, ਕੋਹਲੀ ਚੌਥੇ ਟੀ-20 ਵਿੱਚ ਛੇ ਗੇਂਦਬਾਜ਼ੀ ਦੇ ਵਿਕਲਪਾਂ ਨਾਲ ਮੈਦਾਨ ‘ਤੇ ਉਤਰਨ ਦੀ ਗੱਲ ਕਰ ਰਹੇ ਸੀ। ਟੀਮ ਇੰਡੀਆ ਲਈ ਸਪਿਨ ਵਿਭਾਗ ਵੀ ਚਿੰਤਾ ਦਾ ਵਿਸ਼ਾ ਹੈ। ਲੀਡ ਸਪਿਨਰ ਯੁਜਵੇਂਦਰ ਚਾਹਲ ਆਪਣੀ ਲੈਅ ਹਾਸਿਲ ਕਰਨ ਵਿੱਚ ਅਸਮਰਥ ਹਨ ਅਤੇ ਤੀਜੇ ਟੀ-20 ਵਿੱਚ ਵੀ ਉਹ ਕਾਫ਼ੀ ਮਹਿੰਗੇ ਸਾਬਿਤ ਹੋਏ ਸਨ।
ਖਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ
ਗੌਰਤਲਬ ਹੈ ਕਿ ਅਹਿਮਦਾਬਾਦ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਫੈਲਣ ਕਾਰਨ ਇਹ ਮੈਚ ਵੀ ਖਾਲੀ ਸਟੇਡੀਅਮ ਵਿੱਚ ਹੀ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਤੀਜੇ ਟੀ-20 ਵਿੱਚ ਵੀ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਆਗਿਆ ਨਹੀਂ ਦਿੱਤੀ ਗਈ ਸੀ। ਹਾਲਾਂਕਿ, ਸੀਰੀਜ਼ ਦੇ ਪਹਿਲੇ ਦੋ ਟੀ-20 ਵਿੱਚ ਅੱਧੀ ਗਿਣਤੀ ਵਿੱਚ ਦਰਸ਼ਕਾਂ ਨੂੰ ਸਟੇਡੀਅਮ ਆਉਣ ਦੀ ਆਗਿਆ ਸੀ।
ਟੀਮਾਂ ਇਸ ਤਰ੍ਹਾਂ ਹਨ:
ਭਾਰਤੀ ਟੀਮ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਕੇਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਹਾਰਦਿਕ ਪਾਂਡਿਆ, ਰਿਸ਼ਭ ਪੰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਰਾਹੁਲ ਤਿਵਾਟੀਆ, ਟੀ ਨਟਰਾਜਨ, ਭੁਵਨੇਸ਼ਵਰ ਕੁਮਾਰ, ਦੀਪਕ ਚਾਹਰ, ਨਵਦੀਪ ਸੈਣੀ ਅਤੇ ਸ਼ਾਰਦੂਲ ਠਾਕੁਰ।
ਇੰਗਲੈਂਡ: ਈਯੋਨ ਮੋਰਗਨ (ਕਪਤਾਨ), ਮੋਇਨ ਅਲੀ, ਜੋਫਰਾ ਆਰਚਰ, ਜੌਨੀ ਬੇਅਰਸਟੋ, ਸੈਮ ਬਿਲਿੰਗਸ, ਜੋਸ ਬਟਲਰ (ਵਿਕਟਕੀਪਰ), ਸੈਮ ਕੁਰੈਨ, ਟੌਮ ਕੁਰੈਨ, ਕ੍ਰਿਸ ਜੌਰਡਨ, ਲੀਅਮ ਲਿਵਿੰਗਸਟੋਨ, ਡੇਵਿਡ ਮਲਾਨ, ਆਦਿਲ ਰਾਸ਼ਿਦ, ਜੇਸਨ ਰਾਏ, ਬੇਨ ਸਟੋਕਸ , ਰੀਸ ਟੋਪਲੇ ਅਤੇ ਮਾਰਕ ਵੁਡ।
ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ