58 deaths and : ਚੰਡੀਗੜ੍ਹ : ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ 58 ਹੋਰ ਮੌਤਾਂ ਅਤੇ 2319 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਹੁਸ਼ਿਆਰਪੁਰ ਵਿੱਚ ਸਭ ਤੋਂ ਵੱਧ 10 ਮੌਤਾਂ ਹੋਈਆਂ, ਉਸ ਤੋਂ ਬਾਅਦ ਐਸਬੀਐਸ ਨਗਰ ਅਤੇ ਜਲੰਧਰ ਵਿੱਚ 9, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ 4, ਬਠਿੰਡਾ, ਫਰੀਦਕੋਟ, ਕਪੂਰਥਲਾ ਅਤੇ ਤਰਨਤਾਰਨ ਵਿੱਚ 3, ਐਸ ਏ ਐਸ ਨਗਰ, ਲੁਧਿਆਣਾ ਅਤੇ ਰੋਪੜ ਵਿਚ 2-2, ਅਤੇ ਫਾਜ਼ਿਲਕਾ, ਮਾਨਸਾ, ਪਟਿਆਲਾ ਅਤੇ ਸੰਗਰੂਰ ਵਿਚ ਇਕ-ਇਕ ਮੌਤ ਹੋਈ।
ਕੋਰੋਨਾ ਦੀ ਰਫਤਾਰ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ। ਬਹੁਤ ਵੱਡੀ ਗਿਣਤੀ ‘ਚ ਰੋਜ਼ਾਨਾ ਕੇਸ ਸਾਹਮਣੇ ਆ ਰਹੇ ਹਨ ਤੇ ਨਾਲ ਹੀ ਮੌਤ ਦਰ ਵੀ ਦਿਨੋਂ-ਦਿਨ ਵੱਧ ਰਹੀ ਹੈ। ਪੰਜਾਬ ‘ਚ ਹੁਣ ਤੱਕ 5626458 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 23172 ਸੈਂਪਲ ਇਕੱਠੇ ਕੀਤੇ ਗਏ। ਹੁਣ ਤੱਕ 215409 ਵਿਅਕਤੀ ਪਾਜੀਟਿਵ ਪਾਏ ਜਾ ਚੁੱਕੇ ਹਨ। 190399 ਮਰੀਜ਼ ਡਿਸਚਾਰਜ ਕੀਤੇ ਜਾ ਚੁੱਕੇ ਹਨ । ਹਾਲ ਦੀ ਘੜੀ ਪੰਜਾਬ ‘ਚ ਐਕਟਿਵ ਕੇਸਾਂ ਦੀ ਗਿਣਤੀ 18628 ਹੋ ਚੁੱਕੀ ਹੈ। 23 ਮਰੀਜ਼ ਗੰਭੀਰ ਹਾਲਤ ‘ਚ ਹਨ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 6382 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ‘ਚ ਅੱਜ ਸਭ ਤੋਂ ਵੱਧ ਕੇਸ ਜਿਲ੍ਹਾ ਜਲੰਧਰ ਤੋਂ ਰਿਪੋਰਟ ਹੋਏ। ਉਥੇ ਕੋਰੋਨਾ ਦੇ 309 ਨਵੇਂ ਕੇਸਾਂ ਦੀ ਪੁਸ਼ਟੀ ਹੋਈ। ਇਸੇ ਤਰ੍ਹਾਂ ਜਿਲ੍ਹਾ ਐਸ. ਏ. ਐੱਸ. ਨਗਰ ਤੋਂ 295, ਹੁਸ਼ਿਆਰਪੁਰ ਤੋਂ 230, ਅੰਮ੍ਰਿਤਸਰ ਤੋਂ 210, ਪਟਿਆਲੇ ਤੋਂ 170, ਗੁਰਦਾਸਪੁਰਤੋਂ 104, ਕਪੂਰਥਲੇ ਤੋਂ 139 ਨਵੇਂ ਕੇਸ ਸਾਹਮਣੇ ਆਏ ਹਨ। ਇੰਨੀ ਵੱਡੀ ਗਿਣਤੀ ‘ਚ ਨਵੇਂ ਕੇਸਾਂ ਦੀ ਪੁਸ਼ਟੀ ਹੋਣ ਨਾਲ ਪ੍ਰਸ਼ਾਸਨ ਦੀ ਚਿੰਤਾ ਵੱਧ ਗਈ ਹੈ ਤੇ ਹੁਣ ਸਖਤੀ ਵੀ ਵਰਤੀ ਜਾ ਰਹੀ ਹੈ। ਸਮੇਂ-ਸਮੇਂ ‘ਤੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ।