Emotional Krunal Pandya dedicates: ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ । ਇਸ ਮੈਚ ਵਿੱਚ ਕਰੁਨਲ ਪੰਡਿਆ ਨੇ ਨਾਬਾਦ ਪਾਰੀ ਖੇਡੀ । ਪੰਡਿਆ ਨੇ ਸਿਰਫ 31 ਗੇਂਦਾਂ ਵਿੱਚ 7 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 58 ਦੌੜਾਂ ਦਾ ਯੋਗਦਾਨ ਦਿੱਤਾ । ਅਰਧ ਸੈਂਕੜਾ ਲਗਾਉਣ ਵਾਲੇ ਕਰੁਨਲ ਪੰਡਿਆ ਮੈਚ ਵਿੱਚ ਮਿਲੀ ਜਿੱਤ ਤੋਂ ਬਾਅਦ ਭਾਵੁਕ ਹੋ ਗਏ । ਆਪਣੇ ਸਵਰਗੀ ਪਿਤਾ ਨੂੰ ਯਾਦ ਕਰਦਿਆਂ ਉਸਨੇ ਕਿਹਾ ਕਿ ਉਮੀਦ ਹੈ ਕਿ ਤੁਸੀਂ ਮੇਰੇ ਪ੍ਰਦਰਸ਼ਨ ਨਾਲ ਖੁਸ਼ ਹੋਵੋਗੇ। ਉਨ੍ਹਾਂ ਕਿਹਾ ਕਿ ਪਾਪਾ, ਹਰ ਗੇਂਦ ਤੋਂ ਬਾਅਦ ਤੁਸੀਂ ਮੇਰੇ ਮਨ ਵਿੱਚ ਸੀ ਅਤੇ ਮੇਰੇ ਦਿਲ ਵਿੱਚ ਵੀ।
ਦਰਅਸਲ, ਮੈਚ ਤੋਂ ਬਾਅਦ ਕਰੁਨਲ ਨੇ ਟਵੀਟ ਕਰਦਿਆਂ ਲਿਖਿਆ, “ਪਾਪਾ, ਹਰ ਗੇਂਦ ਤੋਂ ਬਾਅਦ ਤੁਸੀਂ ਮੇਰੇ ਮਨ ਵਿੱਚ ਸੀ ਅਤੇ ਮੇਰੇ ਦਿਲ ਵਿੱਚ ਵੀ। ਜਦੋਂ ਮੈਂ ਤੁਹਾਨੂੰ ਆਪਣੇ ਨਾਲ ਮਹਿਸੂਸ ਕੀਤਾ ਤਾਂ ਹੰਝੂ ਬਾਹਰ ਆ ਗਏ। ਮੇਰੀ ਤਾਕਤ ਬਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਪੋਰਟਰ ਬਣਨ ਲਈ ਬਹੁਤ ਧੰਨਵਾਦ। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਮਾਣ ਮਹਿਸੂਸ ਕਰਵਾਇਆ ਹੋਵੇਗਾ। ਇਹ ਪਾਰੀ ਤੁਹਾਡੇ ਲਈ ਹੈ। ਮੈਂ ਜੋ ਕੁਝ ਵੀ ਕਰਾਂਗਾ ਉਹ ਤੁਹਾਡੇ ਲਈ ਸਮਰਪਿਤ ਹੈ।” ਜ਼ਿਕਰਯੋਗ ਹੈ ਕਿ ਪੰਡਿਆ ਦੇ ਪਿਤਾ ਦੀ ਦਿਲ ਦਾ ਦੌਰਾ ਪੈਣ ਕਾਰਨ ਜਨਵਰੀ ਵਿੱਚ ਮੌਤ ਹੋ ਗਈ ਸੀ । ਇਸ ਤੋਂ ਬਾਅਦ ਉਸ ਨੂੰ ਵਿਜੇ ਹਜ਼ਾਰੇ ਟਰਾਫੀ ਨੂੰ ਅੱਧ ਵਿਚਾਲੇ ਛੱਡ ਕੇ ਘਰ ਪਰਤਣਾ ਪਿਆ ਸੀ ।
ਦੱਸ ਦੇਈਏ ਕਿ ਬੀਤੇ ਦਿਨ ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਵਨਡੇ ਮੁਕਾਬਲਾ ਖੇਡਿਆ ਗਿਆ ਸੀ। ਇਸ ਮੈਚ ਵਿੱਚ ਭਾਰਤ ਵੱਲੋਂ ਖੇਡਦਿਆਂ ਸ਼ਿਖਰ ਧਵਨ (98) ਅਤੇ ਵਿਰਾਟ ਕੋਹਲੀ (56) ਨੇ ਭਾਰਤੀ ਪਾਰੀ ਦੀ ਨੀਂਹ ਰੱਖੀ । ਪਾਰੀ ਦੇ ਅਖੀਰ ਵਿੱਚ ਕੇਐਲ ਰਾਹੁਲ ਦੀਆਂ ਨਾਬਾਦ 62 ਅਤੇ ਕਰੁਨਲ ਪੰਡਿਆ ਦੇ ਨਾਬਾਦ 58 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ ਨੇ 5 ਵਿਕਟਾਂ ‘ਤੇ 317 ਦੌੜਾਂ ਬਣਾਈਆਂ । ਜਵਾਬ ਵਿੱਚ ਖੇਡਣ ਆਈ ਇੰਗਲੈਂਡ ਦੀ ਟੀਮ 251 ਦੌੜਾਂ ‘ਤੇ ਆਲ ਆਊਟ ਹੋ ਗਈ।