PK made Jakhar idle : ਕੱਥੂਨੰਗਲ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ, ਜਿਸਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਤਾਕਤਾਂ ’ਤੇ ਕੰਮ ਖਤਮ ਕਰ ਦਿੱਤੇ ਹਨ, ਵੱਲੋਂ ਪਿੱਛੇ ਛੱਡੇ ਜਾਣ ਮਗਰੋਂ ਤੁਰੰਤ ਕੇਰਲਾ ਲਈ ਰਵਾਨਾ ਹੋਣ ਤੇ ਉਥੇ ਜਾ ਕੇ ਰਾਹੁਲ ਗਾਂਧੀ ਨੁੰ ਆਪਣਾ ਅਸਤੀਫਾ ਸੌਂਪ ਦੇਣ। ਇਥੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਵਿਖੇ ਆਪਣੇ ਹਲਕੇ ਦੇ ਅਪਾਹਜ਼ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਅਤਿ ਆਧੁਨਿਕ 20 ਵ੍ਹੀਲ ਚੇਅਰਾਂ ਵੰਡਣ ਤੋਂ ਬਾਅਦ ਮਜੀਠੀਆ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਲਦ ਹੀ 20 ਹੋਰ ਵ੍ਹੀਲ ਚੇਅਰਾਂ ਜ਼ਰੂਰਤਮੰਦਾਂ ਨੂੰ ਵੰਡੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਸੀਂ ਪੜਾਅਵਾਰ ਹਲਕੇ ਦੇ ਸਾਰੇ ਅਪਾਹਜ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਵ੍ਹੀਲ ਚੇਅਰਾਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ ਤੇ ਮੈਂ ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮਨੁੱਖਤਾ ਵਾਸਤੇ ਇਹ ਸਹਾਇਤਾ ਪ੍ਰਦਾਨ ਕੀਤੀ ਹੈ।
ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਵੱਲੋਂ ਪਹਿਲੀ ਵਾਰ ਚੁਣੇ ਗਏ 37 ਵਿਧਾਇਕਾਂ ਨਾਲ ਮੀਟਿੰਗ ਦੀ ਗੱਲ ਕਰਦਿਆਂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿਉਂਕਿ ਪ੍ਰਸ਼ਾਂਤ ਕਿਸ਼ਰ ਨੇ ਸੁਨੀਲ ਜਾਖੜ ਦੀ ਭੂਮਿਕਾ ਹੀ ਖਤਮ ਕਰ ਦਿੱਤੀ ਤਾਂ ਉਹ ਵਿਹਲੇ ਹੋ ਗਏ ਹਨ, ਇਸ ਲਈ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੰਜਾਬ ਪ੍ਰਦੇਸ਼ ਕਾਰਪੋਰੇਟ ਕਮੇਟੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਪ੍ਰਸ਼ਾਂਤ ਕਿਸ਼ੋਰ ਨੇ 200 ਲੋਕ ਤਾਇਨਾਤ ਕਰ ਦਿੱਤੇ ਹਨ ਤੇ ਵਿਧਾਇਕਾਂ ਨੂੰ ਸਿੱਧਾ ਉਨ੍ਹਾਂ ਨਾਲ ਰਾਬਤਾ ਰੱਖਣ ਵਾਸਤੇ ਆਖਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿਚ ਹੁਣ ਜਾਖੜ ਕੋਲ ਪਾਰਟੀ ਵਿਚ ਅਦਾ ਕਰਨ ਵਾਸਤੇ ਭੂਮਿਕਾ ਹੀ ਨਹੀਂ ਰਹੀ ਤਾਂ ਉਨ੍ਹਾਂ ਨੂੰ ਤੁਰੰਤ ਰਾਹੁਲ ਗਾਂਧੀ ਕੋਲ ਪੁੱਜ ਕੇ ਅਸਤੀਫਾ ਦੇਣਾ ਚਾਹੀਦਾ ਹੈ। ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਪੀਕੇ, ਟੀਕੇ ਜਾਂ ਜੀਕੇ ਵਿਚ ਵਿਸ਼ਵਾਸ ਰੱਖਣ ਪਰ ਉਹ ਇਸ ਸੱਚਾਈ ਤੋਂ ਭੱਜ ਨਹੀਂ ਸਕਦੇ ਕਿ ਉਨ੍ਹਾਂ ਪਵਿੱਤਰ ਗੁਟਕਾ ਸਾਹਿਬ ਤੇ ਸਰਬੰਸ ਦਾਨੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਝੂਠੀ ਸਹੁੰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਸ ਸੱਚਾਈ ਤੋਂ ਵੀ ਕਿਵੇਂ ਭੱਜ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਤੋਂ ਫਾਰਮ ਭਰਵਾ ਕੇ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ? ਉਹ ਇਸ ਗੱਲ ਤੋਂ ਵੀ ਕਿਵੇਂ ਇਨਕਾਰ ਕਰ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਨੁੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਹਰ ਮਹੀਨੇ ਦੇਣ ਅਤੇ ਉਨ੍ਹਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ? ਉਨ੍ਹਾਂ ਕਿਹਾ ਕਿ ਇਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਪਵੇਗਾ ਕਿ ਉਹ 2500 ਰੁਪਏ ਮਹੀਨਾ ਬੁੱਢਾਪਾ ਪੈਨਸ਼ਨ ਅਤੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਨੂੰ 5 ਰੁਪਏ ਬਿਜਲੀ ਦੇਣ ਦੇ ਵਾਅਦੇ ਤੋਂ ਮੁਕਰ ਕਿਉਂ ਗਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸਦਾ ਜਵਾਬ ਵੀ ਦੇਣਾ ਪਵੇਗਾ ਕਿ ਉਨ੍ਹਾਂ ਨੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰ ਕੇ ਕਿਸਾਨਾਂ ਨੂੰ ਹੋਰ ਕਰਜ਼ਾਈ ਕਿਉਂ ਕੀਤਾ ਕਿਉਂਕਿ ਉਨ੍ਹਾਂ ਦੇ ਵਾਅਦੇ ’ਤੇ ਭਰੋਸਾ ਕਰ ਕੇ ਕਿਸਾਨਾਂ ਨੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਾਰਨ ਉਨ੍ਹਾਂ ਖਿਲਾਫ ਵਸੂਲੀ ਦੀ ਕਾਰਵਾਈ ਕੀਤੀ ਗਈ ਤੇ 1500 ਤੋਂ ਵਧੇਰੇ ਕਿਸਾਨਾਂ ਨੇ ਹੁਣ ਤੱਕ ਖੁਦਕੁਸ਼ੀ ਕਰ ਲਈ ਹੈ। ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਨੇ ਲੋਕਾਂ ਨੁੰ ਧੋਖਾ ਦਿੱਤਾ ਹੈ ਤੇ ਇਹ ਉਨ੍ਹਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ ਦਾ ਢੁਕਵਾਂ ਮਾਮਲਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਖਿਲਾਫ ਵੀ 120 ਬੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬੀਆਂ ਨੁੰ ਧੋਖਾ ਦੇਣ ਅਤੇ ਗਲਤ ਤਰੀਕੇ ਨਾਲ ਵੋਟਾਂ ਹਾਸਲ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਹੁਣ ਪੀਕੇ ਨੁੰ ਮੁੜ ਸੱਦ ਲਿਆ ਗਿਆ ਹੈ ਤਾਂ ਜੋ ਕਿ ਉਹ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਨਵਾਂ ਤਰੀਕੇ ਲੱਭੇ ਪਰ ਪੰਜਾਬੀਆਂ ਨੇ ਉਸਦੀ ਤੇ ਉਸਦੇ ਆਕਾ ਦੀ ਖੇਡ ਸਮਝ ਲਈ ਹੈ ਤੇ ਉਹ ਕਦੇ ਵੀ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਗੇ।