Shiromani Akali Dal to resume : ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਰੋਨਾ ਪਾਜ਼ੀਟਿਵ ਆਉਣ ਕਰਕੇ ਪੰਜਾਬ ਵਿੱਚ ਮੁਲਤਵੀ ਕਰ ਦਿੱਤੀਆਂ ਗਈਆਂ ਰੈਲੀਆਂ ਨੂੰ ਹੁਣ ਮੁੜ ਸ਼ੁਰੂ ਕੀਤਾ ਜਾਵੇਗਾ। ਇਹ ਫੈਸਲਾ ਅੱਜ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਲਿਆ ਗਿਆ। ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਹੁਣ ਕੋਰੋਨਾ ਮਹਾਮਾਰੀ ਤੋਂ ਬਿਲਕੁਲ ਤੰਦਰੁਸਤ ਹੋ ਚੁੱਕੇ ਹਨ ਅਤੇ 30 ਮਾਰਚ ਤੋਂ ਆਮ ਵਾਂਗ ਕੰਮ ਕਰ ਸਕਦੇ ਹਨ। ਇਸ ਤੋਂ ਪਹਿਲਾਂ ਉਹ ਆਪਣੀ ਸਿਹਤਯਾਬੀ ਲਈ ਗੁਰੂ ਦਾ ਸ਼ੁਕਰਾਨਾ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ 12 ਮਾਰਚ ਤੋਂ ਕਾਂਗਰਸ ਸਰਕਾਰ ਖਿਲਾਫ ਲੋਕ ਲਹਿਰ ਸ਼ੁਰੂ ਕਰਦੇ ਹੋਏ ਪੂਰੇ ਪੰਜਾਬ ਦੇ ਹਲਕਿਆਂ ਵਿਚ ਰੈਲੀਆਂ ਕਰਨ ਦਾ ਐਲਾਨ ਕੀਤਾ ਸੀ। ਇਨ੍ਹਾਂ ਰੈਲੀਆਂ ਵਿੱਚ 117 ਵਿਧਾਨ ਸਭਾ ਹਲਕਿਆਂ ਵਿੱਚ ‘ਪੰਜਾਬ ਮੰਗਦਾ ਜਵਾਬ’ ਪ੍ਰੋਗਰਾਮ ਤਹਿਤ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਸਰਕਾਰ ਵੱਲੋਂ ਕੀਤੇ ਉਨ੍ਹਾਂ ਵਾਅਦਿਆਂ ਖਿਲਾਫ ਜਾਣੂ ਕਰਵਾਉਣ ਦਾ ਫੈਸਲਾ ਕੀਤਾ ਸੀ, ਜੋਕਿ ਪੰਜਾਬ ਸਰਕਾਰ ਨੇ ਪੂਰੇ ਨਹੀਂ ਕੀਤੇ। ਪਰ ਇਸ ਤੋਂ ਪਹਿਲਾਂ ਹੀ 16 ਮਾਰਚ ਨੂੰ ਸੁਖਬੀਰ ਬਾਦਲ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਜਿਸ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਾਰੀਆਂ ਰੈਲੀਆਂ 31 ਮਾਰਚ ਤੱਕ ਮੁਲਤਵੀ ਕਰ ਦਿੱਤੀਆਂ ਸਨ। ਹੁਣ ਅਪ੍ਰੈਲ ਦੇ ਪਹਿਲੇ ਹਫਤੇ ਵਿੱਚ ਅਕਾਲੀ ਦਲ ਨੇ ਰੈਲੀਆਂ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।