India vs England 2nd ODI: ਇੰਗਲੈਂਡ ਨੇ ਵਨਡੇ ਸੀਰੀਜ਼ ਦੇ ਦੂਜੇ ਮੈਚ ਟੀਮ ਇੰਡੀਆ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ । ਇਸ ਜਿੱਤ ਨਾਲ ਇੰਗਲੈਂਡ ਨੇ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਲਈ । ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 336 ਦੌੜਾਂ ਬਣਾਈਆਂ ਸਨ । ਇੰਗਲੈਂਡ ਨੇ 337 ਦੌੜਾਂ ਦਾ ਟੀਚਾ 43.3 ਓਵਰਾਂ ਵਿੱਚ ਹਾਸਿਲ ਕਰ ਲਿਆ। ਜੌਨੀ ਬੇਅਰਸਟੋ ਨੇ ਸ਼ਾਨਦਾਰ 124 ਦੌੜਾਂ ਬਣਾਈਆਂ, ਜਦਕਿ ਬੇਨ ਸਟੋਕਸ ਨੇ 99 ਦੌੜਾਂ ਦੀ ਪਾਰੀ ਖੇਡੀ।
ਕੇਐਲ ਰਾਹੁਲ (108), ਰਿਸ਼ਭ ਪੰਤ (77) ਅਤੇ ਕਪਤਾਨ ਵਿਰਾਟ ਕੋਹਲੀ (66) ਦੀ ਪਾਰੀ ਦੇ ਅਧਾਰ ‘ਤੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਛੇ ਵਿਕਟਾਂ ‘ਤੇ 336 ਦੌੜਾਂ ਬਣਾਈਆਂ । ਭਾਰਤ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਹੁਲ ਦੀਆਂ 108 ਦੌੜਾਂ, ਪੰਤ ਦੀਆਂ 40 ਗੇਂਦਾਂ ‘ਤੇ 77 ਅਤੇ ਕੋਹਲੀ ਦੀਆਂ 66 ਦੌੜਾਂ ਦੀ ਬਦੌਲਤ 337 ਦੌੜਾਂ ਬਣਾਈਆਂ । ਆਖਰੀ ਓਵਰ ਵਿੱਚ ਹਾਰਦਿਕ ਪਾਂਡਿਆ ਨੇ 16 ਗੇਂਦਾਂ ਵਿੱਚ 4 ਛੱਕਿਆਂ ਅਤੇ 1 ਚੌਕੇ ਦੀ ਮਦਦ ਨਾਲ 35 ਦੌੜਾਂ ਦੀ ਇੱਕ ਤੂਫਾਨੀ ਪਾਰੀ ਖੇਡੀ ਜਦਕਿ ਉਸ ਦੇ ਭਰਾ ਕ੍ਰੂਨਲ ਪਾਂਡਿਆ ਨੇ 9 ਗੇਂਦਾਂ ‘ਤੇ 1 ਚੌਕੇ ਦੀ ਮਦਦ ਨਾਲ 12 ਦੌੜਾਂ ਬਣਾ ਕੇ ਨਾਬਾਦ ਰਹੇ । ਇੰਗਲੈਂਡ ਵੱਲੋਂ ਟੌਮ ਕੁਰੇਨ ਅਤੇ ਰੀਸ ਟਾਪਲੀ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਆਦਿਲ ਰਾਸ਼ਿਦ ਅਤੇ ਸੈਮ ਕੁਰੈਨ ਨੇ ਇੱਕ-ਇੱਕ ਵਿਕਟ ਲਈ।
ਭਾਰਤ ਦੀ ਸ਼ੁਰੂਆਤ ਖਰਾਬ ਰਹੀ
ਮੈਚ ਵਿੱਚ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਭਾਰਤ ਵੱਲੋਂ ਸਲਾਮੀ ਬੱਲੇਬਾਜ਼ ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ ਹੋ ਗਏ। ਰੋਹਿਤ ਸ਼ਰਮਾ ਨੇ ਕੁਝ ਵਧੀਆ ਸ਼ਾਟ ਖੇਡ ਕੇ ਭਾਰਤੀ ਪਾਰੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਰੇਨ ਨੇ ਰੋਹਿਤ ਸ਼ਰਮਾ ਨੂੰ ਆਊਟ ਕਰ ਦਿੱਤਾ। ਰੋਹਿਤ ਨੇ 25 ਗੇਂਦਾਂ ਵਿੱਚ 5 ਚੌਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ। ਸ਼ੁਰੂਆਤੀ ਝਟਕੇ ਲੱਗਣ ਤੋਂ ਬਾਅਦ ਕੋਹਲੀ ਅਤੇ ਰਾਹੁਲ ਨੇ ਭਾਰਤੀ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਤੀਜੀ ਵਿਕਟ ਲਈ 121 ਦੌੜਾਂ ਦੀ ਸਾਂਝੇਦਾਰੀ ਕੀਤੀ।
ਕੋਹਲੀ ਨੇ ਆਪਣੇ ਕਰੀਅਰ ਦਾ 62ਵਾਂ ਅਤੇ ਇਸ ਸੀਰੀਜ਼ ਦਾ ਆਪਣਾ ਦੂਜਾ ਅਰਧ ਸੈਂਕੜਾ ਬਣਾਇਆ । ਕੋਹਲੀ ਦੀ ਪਾਰੀ ਦਾ ਅੰਤ ਰਸ਼ੀਦ ਨੇ ਵਿਕਟ ਦੇ ਪਿੱਛੇ ਜੋਸ ਬਟਲਰ ਦੇ ਹੱਥੋਂ ਕੈਚ ਕਰ ਕੇ ਕੀਤਾ। ਇਸ ਤੋਂ ਬਾਅਦ ਰਾਹੁਲ ਅਤੇ ਪੰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਇੰਗਲਿਸ਼ ਗੇਂਦਬਾਜ਼ਾਂ ਨੂੰ ਬਹੁਤ ਪ੍ਰੇਸ਼ਾਨ ਕੀਤਾ । ਰਾਹੁਲ ਨੇ ਆਪਣੇ ਵਨਡੇ ਕਰੀਅਰ ਦਾ 5ਵਾਂ ਸੈਂਕੜਾ ਜੜ੍ਹਿਆ । ਸੈਂਕੜਾ ਲਗਾਉਣ ਤੋਂ ਬਾਅਦ ਰਾਹੁਲ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਿਆ ਅਤੇ ਟੌਮ ਕੁਰੇਨ ਦੀ ਗੇਂਦ ਟੌਪਲੀ ਨੂੰ ਕੈਚ ਦੇ ਦਿੱਤਾ। ਰਾਹੁਲ ਨੇ ਪੰਤ ਨਾਲ ਚੌਥੇ ਵਿਕਟ ਲਈ 113 ਦੌੜਾਂ ਦੀ ਸਾਂਝੇਦਾਰੀ ਕੀਤੀ।
ਸ਼ਾਨਦਾਰ ਰਹੀ ਇੰਗਲੈਂਡ ਦੀ ਸ਼ੁਰੂਆਤ
ਇਸਦੇ ਜਵਾਬ ਵਿੱਚ ਇੰਗਲੈਂਡ ਨੇ ਹੌਲੀ ਸ਼ੁਰੂਆਤ ਕੀਤੀ। ਜੇਸਨ ਰਾਏ ਨੇ ਅਰਧ ਸੈਂਕੜਾ ਜੜਿਆ । ਰੋਹਿਤ ਦੇ ਸ਼ਾਨਦਾਰ ਫੀਲਡਿੰਗ ਕਾਰਨ ਰਾਏ ਰਨਆਊਟ ਹੋ ਗਿਆ। ਇਸ ਤੋਂ ਬਾਅਦ ਬੇਨ ਸਟੋਕਸ ਅਤੇ ਜੋਨੀ ਬੇਅਰਸਟੋ ਨੇ ਮੈਚ ਨੂੰ ਪੂਰੀ ਤਰ੍ਹਾਂ ਇੱਕ ਪਾਸੜ ਬਣਾ ਦਿੱਤਾ । ਬੇਨ ਸਟੋਕਸ ਨੇ 10 ਛੱਕੇ ਲਗਾਏ । ਜੌਨੀ ਬੇਅਰਸਟੋ ਨੇ ਸੈਂਕੜਾ ਜੜਿਆ ਤੇ ਉੱਥੇ ਹੀ ਬੇਨ ਸਟੋਕਸ 99 ਦੌੜਾਂ ਦੇ ਸਕੋਰ ‘ਤੇ ਪ੍ਰਸਿੱਧ ਕ੍ਰਿਸ਼ਣਾ ਦਾ ਸ਼ਿਕਾਰ ਬਣੇ । ਇੰਗਲੈਂਡ ਨੇ ਪਾਰੀ ਦੇ 44 ਓਵਰਾਂ ਵਿੱਚ ਜਿੱਤ ਲਈ ਜਰੂਰੀ 337 ਦੌੜਾਂ ਬਣਾ ਕੇ ਇਹ ਮੈਚ ਇਕਤਰਫਾ ਜਿੱਤ ਲਿਆ ।
ਇਹ ਵੀ ਦੇਖੋ: ਜਲੰਧਰ ਬਾਈਪਾਸ ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਰੋਜ਼ਾਨਾ ਬੱਸਾਂ ਨਿਕਲਦੀਆਂ,ਦੇਖੋ ਕਿਵੇਂ ਪਿਆ ਸੁਨਸਾਨ