Makassar explosion: ਇੰਡੋਨੇਸ਼ੀਆ ਵਿੱਚ ਐਤਵਾਰ ਦੀ ਨਮਾਜ਼ ਦੌਰਾਨ ਇੱਕ ਰੋਮਨ ਕੈਥੋਲਿਕ ਚਰਚ ਦੇ ਬਾਹਰ ਘੱਟੋ-ਘੱਟ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟ ਕਰ ਦਿੱਤਾ, ਜਿਸ ਵਿੱਚ ਕਈ ਲੋਕ ਜ਼ਖਮੀ ਹੋ ਗਏ । ਇੰਡੋਨੇਸ਼ੀਆ ਦੀ ਰਾਸ਼ਟਰੀ ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਮੱਕਾਸਰ ਸ਼ਹਿਰ ਵਿੱਚ ਇੱਕ ਕੈਥੋਲਿਕ ਚਰਚ ਦੇ ਬਾਹਰ ਦੋ ਸ਼ੱਕੀ ਆਤਮਘਾਤੀ ਹਮਲਾਵਰਾਂ ਨੇ ਆਪਣੇ ਆਪ ਨੂੰ ਉਡਾ ਲਿਆ, ਜਿਸ ਵਿੱਚ ਤਕਰੀਬਨ 14 ਲੋਕ ਜ਼ਖਮੀ ਹੋ ਗਏ ਹਨ।
ਇਹ ਘਟਨਾ ਈਸਟਰ ਦੇ ਪਵਿੱਤਰ ਹਫਤੇ ਦੇ ਪਹਿਲੇ ਦਿਨ (ਪਾਮ ਐਤਵਾਰ) ਨੂੰ ਵਾਪਰੀ। ਈਸਾਈਆਂ ਲਈ ਇਹ ਹਫ਼ਤਾ ਬਹੁਤ ਮਹੱਤਵਪੂਰਨ ਹੁੰਦਾ ਹੈ। ਪੁਲਿਸ ਨੇ ਦੱਸਿਆ ਕਿ ਧਮਾਕੇ ਦੇ ਸਮੇਂ ਸੁਲਾਵੇਸੀ ਆਈਲੈਂਡ ਸਥਿਤ ਚਰਚ ਦੇ ਅੰਦਰ ਪ੍ਰਾਰਥਨਾ ਚੱਲ ਰਹੀ ਸੀ ਅਤੇ ਪ੍ਰਾਰਥਨਾ ਖਤਮ ਹੁੰਦੇ ਹੀ ਵਿਸਫੋਟ ਹੋ ਗਿਆ । ਇੱਕ ਵੀਡੀਓ ਵਿੱਚ ਦੱਖਣੀ ਸੁਲਾਵੇਸੀ ਪ੍ਰਾਂਤ ਦੇ ਮਕੱਸਰ ਸ਼ਹਿਰ ਵਿੱਚ ‘ਸੈਕ੍ਰੇਟਡ ਹਾਰਟ ਆਫ ਜੀਸਸ ਕੈਥੇਡ੍ਰਲ’ ਦੇ ਪ੍ਰਵੇਸ਼ ਦੁਆਰ ‘ਤੇ ਸੜੇ ਹੋਏ ਮੋਟਰਸਾਈਕਲ ਦੇ ਨੇੜੇ ਸਰੀਰ ਦੇ ਖਿੰਡੇ ਹੋਏ ਅੰਗ ਮਿਲੇ ਹਨ।
ਇਸ ਤੋਂ ਪਹਿਲਾਂ ਸਥਾਨਕ ਪੁਲਿਸ ਨੇ ਕਿਹਾ ਸੀ ਕਿ ਦੱਖਣੀ ਸੁਲਾਵੇਸੀ ਪ੍ਰਾਂਤ ਦੇ ਮਕੱਸਰ ਕਸਬੇ ਵਿੱਚ ਨਮਾਜ਼ ਵਿੱਚ ਸ਼ਾਮਿਲ ਹੋਏ ਲੋਕਾਂ ਵਿੱਚੋਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ । ਉਨ੍ਹਾਂ ਨੇ ਦੱਸਿਆ ਕਿ ਹਮਲੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਸਨੇ ਹੀ ਹਮਲਾ ਕੀਤਾ ਸੀ । ਦੱਖਣੀ ਸੁਲਾਵੇਸੀ ਪੁਲਿਸ ਮੁਖੀ ਦੇ ਅਨੁਸਾਰ ਧਮਾਕਾ ਸਵੇਰੇ 10.35 ਵਜੇ ਚਰਚ ਦੇ ਬਾਹਰ ਹੋਇਆ।
ਇੰਡੋਨੇਸ਼ੀਆ ਦੀ ਰਾਸ਼ਟਰੀ ਪੁਲਿਸ ਦੇ ਬੁਲਾਰੇ ਅਰਗੋ ਯੁਓਨੋ ਨੇ ਕਿਹਾ ਕਿ ਸਬੰਧਤ ਏਜੰਸੀ ਇਹ ਦੇਖ ਰਹੀ ਸੀ ਕਿ ਹਮਲਾਵਰ ਕਿਹੜੇ ਅੱਤਵਾਦੀ ਨੈਟਵਰਕ ਤੋਂ ਆਏ ਸਨ, ਜਾਂ ਕੀ ਇਹ ਹਮਲਾ ਸ਼ੱਕੀ ਅੱਤਵਾਦੀਆਂ ਦੀ ਤਾਜ਼ਾ ਗ੍ਰਿਫਤਾਰੀ ਨਾਲ ਤਾਂ ਨਹੀਂ ਜੁੜਿਆ ਹੋਇਆ । ਦੱਸ ਦੇਈਏ ਕਿ ਇਸ ਸਾਲ ਜਨਵਰੀ ਵਿੱਚ ਦੇਸ਼ ਦੀ ਅੱਤਵਾਦ ਰੋਕੂ ਇਕਾਈ ਨੇ ਮੱਕਸਰ ਵਿੱਚ ਅੱਤਵਾਦੀਆਂ ਦੇ ਇੱਕ ਠਿਕਾਣੇ ‘ਤੇ ਛਾਪਾ ਮਾਰਿਆ ਸੀ ਅਤੇ ਦੋ ਸ਼ੱਕੀ ਲੋਕਾਂ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ, ਜੋ ਸਾਲ 2019 ਵਿੱਚ ਫਿਲਪੀਨਜ਼ ਚਰਚ ਵਿੱਚ ਹੋਏ ਦੋਹਰੇ ਧਮਾਕੇ ਨਾਲ ਜੁੜੇ ਹੋਏ ਸਨ. ਇਸ ਹਮਲੇ ਵਿੱਚ 20 ਤੋਂ ਵੱਧ ਲੋਕਾਂ ਦੀਆਂ ਜਾਨਾਂ ਗਈਆਂ ਸਨ ।