beneficiaries slum settlements Basera Scheme: ਲੁਧਿਆਣਾ (ਤਰਸੇਮ ਭਾਰਦਵਾਜ)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਸੇਰਾ ਸਕੀਮ ਤਹਿਤ ਸ਼ਹਿਰ ਦੀਆਂ 8 ਸਲੱਮ ਬਸਤੀਆਂ ਵਿਚ 658 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੂੰ ਅਗਲੇ ਹਫ਼ਤੇ ਤੋਂ ਮਾਲਕੀ ਅਧਿਕਾਰ ਸੌਪੇ ਜਾਣਗੇ। ਡਿਪਟੀ ਕਮਿਸ਼ਨਰ ਵੱਲੋਂ ਸਲੱਮ ਵਸਨੀਕਾਂ ਨੂੰ ਮਾਲਕੀ ਅਧਿਕਾਰਾਂ ਲਈ ਮੁੱਖ ਮੰਤਰੀ ਗ੍ਰਾਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਵਿਭਾਗਾਂ ਅਤੇ ਹੋਰਾਂ ਤੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਐਨ.ਓ.ਸੀ. ਦੇ ਸੰਬੰਧ ‘ਚ ਰਸਮੀ ਕਾਰਵਾਈਆਂ ਵਿਚ ਤੇਜ਼ੀ ਲਿਆਉਣ ਤਾਂ ਜੋ ਹਰ ਸਲੱਮ ਵਸਨੀਕ ਨੂੰ ਬਸੇਰਾ ਸਕੀਮ ਦਾ ਲਾਭ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਅੱਠ ਸਲੱਮ ਬਸਤੀਆਂ ਵਿੱਚ ਵੈਰੀਫਿਕੇਸ਼ਨ ਮੁਹਿੰਮ ਤੋਂ ਬਾਅਦ, ਬਾਬਾ ਜੀਵਨ ਸਿੰਘ ਨਗਰ ਵਿੱਚ 70 ਲਾਭਪਾਤਰੀ, ਭੋਲਾ ਕਲੋਨੀ ਵਿੱਚ 9, ਪ੍ਰੀਤ ਨਗਰ ਵਿੱਚ 85, ਅੰਬੇਦਕਰ ਨਗਰ ਵਿੱਚ 303, ਚੇਤ ਸਿੰਘ ਨਗਰ ਵਿੱਚ 26, ਸਿੱਧਵਾਂ ਨਹਿਰ ਨੇੜੇ 30, ਮੁਸਲਿਮ ਕਲੋਨੀ ਵਿੱਚ 6 ਅਤੇ ਸੰਜੇ ਗਾਂਧੀ ਕਲੋਨੀ ਵਿੱਚ 129 ਲਾਭਪਾਤਰੀਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਚਾਰ ਹੋਰ ਸਲੱਮ ਵਸਤੀਆਂ ਵਾਰਡ ਨੰਬਰ 21, 12 ਅਤੇ 2 ਵਾਰਡ ਨੰ 15 ਵਿਚ ਪਾਈਆਂ ਗਈਆਂ ਹਨ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਲੱਮ ਬਸਤੀਆਂ ਦਾ ਵੇਰਵਾ ਸਰਕਾਰ ਨੂੰ ਭੇਜਿਆ ਜਾਵੇ ਤਾਂ ਜੋ ਹੋਰ ਲਾਭਪਾਤਰੀਆਂ ਦੀ ਤਸਦੀਕ ਸ਼ੁਰੂ ਕੀਤੀ ਜਾ ਸਕੇ।
ਸ੍ਰੀ ਸ਼ਰਮਾ ਨੇ ਕਿਹਾ ਕਿ ਕਿਸੇ ਵੀ ਸ਼ਹਿਰੀ ਖੇਤਰ ਵਿੱਚ ਸੂਬਾ ਸਰਕਾਰ ਦੀ ਜ਼ਮੀਨ ‘ਤੇ ਕਾਬਜ਼ ਹਰ ਝੁੱਗੀ-ਝੌਂਪੜੀ ਵਾਲੇ ਨੂੰ ਮਾਲਕੀ ਅਧਿਕਾਰ ਦੇਣਾ, ਸ਼ਹਿਰੀ ਵਿਕਾਸ ਵੱਲ ਇਕ ਮਹੱਤਵਪੂਰਨ ਕਦਮ ਹੈ।ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਉਦੇਸ਼ ਸ਼ਹਿਰੀ ਸਲੱਮ ਬਸਤੀਆਂ ਦੇ ਖੇਤਰਾਂ ਨੂੰ ਬੁਨਿਆਦੀ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ, ਜਿਸ ਵਿੱਚ ਪੀਣ ਯੋਗ ਪਾਣੀ, ਸਟਰੀਟ ਲਾਈਟਾਂ ਤੇ ਪੱਕੀਆਂ ਸੜਕਾਂ ਸ਼ਾਮਲ ਹਨ।ਉਨ੍ਹਾਂ ਅੱਗੇ ਕਿਹਾ ਕਿ ਇਸ ਸਕੀਮ ਤਹਿਤ ਸਲੱਮ ਬਸਤੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ, ਵੱਧ ਤੋਂ ਵੱਧ 30 ਵਰਗ ਗਜ਼ ਦੇ ਘਰਾਂ ਵਿਚ ਰਹਿਣ ਲਈ ਮਾਲਕੀਅਤ ਦਾ ਲਾਭ ਮਿਲੇਗਾ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਹਰ ਝੁੱਗੀ-ਝੋਂਪੜੀ ਵਾਸੀ ਨੂੰ ਇਸ ਸਕੀਮ ਦਾ ਲਾਭ ਮਿਲੇ, ਜਿਸ ਨਾਲ ਲੁਧਿਆਣਾ ਝੁੱਗੀ-ਝੌਂਪੜੀ ਮੁਕਤ ਹੋਵੇਗਾ ਅਤੇ ਹਰ ਕੋਈ ਆਰਾਮਦਾਇਕ ਜ਼ਿੰਦਗੀ ਬਤੀਤ ਕਰੇਗਾ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਅਮਰਜੀਤ ਬੈਂਸ, ਐਸ.ਡੀ.ਐਮ ਸਹਿਬਾਨ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਡਾ. ਬਲਜਿੰਦਰ ਸਿੰਘ ਢਿੱਲੋਂ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀਮਤੀ ਸਵਾਤੀ ਟਿਵਾਣਾ ਅਤੇ ਹੋਰ ਹਾਜ਼ਰ ਸਨ।