Earthquake in Indonesia: ਇੰਡੋਨੇਸ਼ੀਆ ਦੇ ਮੁੱਖ ਦੀਪ ਜਾਵਾ ਵਿੱਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਤੇਜ਼ ਭੂਚਾਲ ਕਾਰਨ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ । ਇਸ ਦੇ ਨਾਲ ਹੀ ਜਾਵਾ ਵਿੱਚ 300 ਤੋਂ ਵੱਧ ਇਮਾਰਤਾਂ ਤਬਾਹ ਹੋ ਗਈਆਂ । ਇਸ ਤੋਂ ਇਲਾਵਾ ਭੂਚਾਲ ਦੇ ਝਟਕੇ ਸੈਰ-ਸਪਾਟਾ ਕੇਂਦਰ ਬਾਲੀ ਵਿੱਚ ਮਹਿਸੂਸ ਕੀਤੇ ਗਏ । ਇਹ ਜਾਣਕਾਰੀ ਅਧਿਕਾਰੀਆਂ ਨੇ ਸ਼ਨੀਵਾਰ ਦਿੱਤੀ। ਹਾਲਾਂਕਿ ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਵਜੇ ਆਏ ਭੂਚਾਲ ਦੀ ਤੀਬਰਤਾ 6.0 ਮਾਪੀ ਗਈ। ਇਸ ਦਾ ਕੇਂਦਰ ਪੂਰਬੀ ਜਾਵਾ ਸੂਬੇ ਦੇ ਮਲੰਗ ਜ਼ਿਲ੍ਹੇ ਦੇ ਸੁੰਬਰਪੁਕੰਗ ਸ਼ਹਿਰ ਤੋਂ 45 ਕਿਲੋਮੀਟਰ ਦੱਖਣ ਵਿੱਚ 82 ਕਿਲੋਮੀਟਰ ਦੀ ਗਹਿਰਾਈ ਵਿੱਚ ਸਥਿਤ ਸੀ।
ਇੰਡੋਨੇਸ਼ੀਆ ਦੇ ਭੂਚਾਲ ਅਤੇ ਸੁਨਾਮੀ ਕੇਂਦਰ ਦੇ ਮੁਖੀ ਰਹਿਮਤ ਟ੍ਰਿਓਨੋ ਨੇ ਇੱਕ ਬਿਆਨ ਵਿੱਚ ਕਿਹਾ ਕਿ ਭੂਚਾਲ ਦਾ ਕੇਂਦਰ ਸਮੁੰਦਰ ਦੇ ਅੰਦਰ ਸਥਿਤ ਸੀ, ਪਰ ਇਸ ਦੇ ਝਟਕਿਆਂ ਵਿੱਚ ਸੁਨਾਮੀ ਪੈਦਾ ਕਰਨ ਦੀ ਸਮਰੱਥਾ ਨਹੀਂ ਸੀ। ਉਨ੍ਹਾਂ ਨੇ ਇਸ ਦੇ ਬਾਵਜੂਦ ਲੋਕਾਂ ਨੂੰ ਮਿੱਟੀ ਜਾਂ ਚੱਟਾਨਾਂ ਦੀਆਂ ਅਜਿਹੀਆਂ ਢਲਾਣਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਿੱਥੇ ਜ਼ਮੀਨ ਖਿਸਕਣ ਦਾ ਖ਼ਤਰਾ ਹੈ।
ਦੱਸ ਦੇਈਏ ਕਿ ਇਹ ਇਸ ਹਫ਼ਤੇ ਆਉਣ ਵਾਲੀ ਦੂਜੀ ਆਫ਼ਤ ਸੀ ਕਿਉਂਕਿ ਐਤਵਾਰ ਨੂੰ ਹੋਈ ਭਿਆਨਕ ਬਾਰਿਸ਼ ਨਾਲ ਘੱਟੋ-ਘੱਟ 174 ਲੋਕਾਂ ਦੀ ਮੌਤ ਹੋ ਗਈ ਸੀ ਤੇ ਹਜ਼ਾਰਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਸੀ । ਇਨ੍ਹਾਂ ‘ਚੋਂ 48 ਲੋਕ ਅਜੇ ਵੀ ਲਾਪਤਾ ਹਨ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ