Ferozepur Fazilka GT Road Block : ਪਿੱਛਲੇ ਲੰਬੇ ਸਮੇਂ ਤੋਂ ਬੇਰੁਜ਼ਗਾਰ ਪੀ ਟੀ ਆਈ 646 ਅਧਿਆਪਕਾਂ ਦੀ ਭਰਤੀ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਨੇ ਆਪਣੀਆਂ ਮੰਗਾ ਨੂੰ ਮੰਨਵਾਉਣ ਲਈ ਐਲਾਨ ਕੀਤੀ ਲਲਕਾਰ ਰੈਲੀ ਤਹਿਤ ਗੁਰੂਹਰਸਹਾਏ ਵਿੱਚ ਪੈਂਦੇ ਪਿੰਡ ਗੋਲੂ ਕਾਵਿਖੇ ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਨੂੰ ਜਾਮ ਕੀਤਾ ਅਤੇ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ । ਇਸ ਲਲਕਾਰ ਰੈਲੀ ਵਿੱਚ ਭਾਵੇਂ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਦੀ ਗਿਣਤੀ ਘੱਟ ਦਿਸ ਰਹੀ ਸੀ ਪਰ ਉਕਤ ਅਧਿਆਪਕਾਂ ਵਿੱਚ ਆਪਣੀ ਮੰਗ ਪ੍ਰਤੀ ਅਟੱਲ ਜੋਸ਼ ਸੀ ।
ਬੇਰੁਜ਼ਗਾਰ ਪੀ ਟੀ ਆਈ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਰਾਜੂ ਖੰਨਾ ਨੇ ਦੱਸਿਆ ਕਿ 646 ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਤਿੱਖੇ ਸੰਘਰਸ਼ ਦੌਰਾਨ ਕੈਬਨਿਟ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕਰਵਾ ਕੇ ਉਕਤ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿਤਾ ਸੀ ਅਤੇ ਉਨ੍ਹਾਂ ਦੇ ਬੇਟੇ ਹੀਰਾ ਸੋਢੀ ਵੱਲੋਂ ਸੰਘਰਸ਼ ਦੌਰਾਨ ਮੰਗਾਂ ਲਈ ਪਾਣੀ ਦੀ ਟੈਂਕੀ ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਭਰੋਸਾ ਦੇ ਕੇ ਥੱਲੇ ਉਤਾਰਿਆ ਗਿਆ ਸੀ ।
ਖੰਨਾ ਨੇ ਦਸਿਆ ਕਿ ਕੈਬਨਿਟ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਨੂੰ ਦਿੱਤੇ ਗਏ ਭਰੋਸੇ ਅੱਜ ਤੱਕ ਸਿਰਫ ਝੂਠੇ ਲਾਰੇ ਹੀ ਸਾਬਿਤ ਹੋਏ ਹਨ ਅਤੇ ਹੁਣ ਉਹ ਸੋਢੀ ਪਰਿਵਾਰ ਦੀਆਂ ਝੂਠੀਆਂ ਗੱਲਾਂ ਵਿੱਚ ਨਹੀਂ ਆਉਣਗੇ । ਯੂਨੀਅਨ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀ ਮੰਗ ਨੂੰ ਮੰਨਿਆ ਨਹੀਂ ਜਾਂਦਾ ਉਹ ਇਸ ਜਾਮ ਨੂੰ ਨਹੀਂ ਖੋਲ੍ਹਣਗੇ।