Tiket said We will vaccinate but : ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 149 ਵਾਂ ਦਿਨ ਹੈ। ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਮੰਗਾਂ ਪੂਰੀਆਂ ਹੋਣ ਤੱਕ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਵੀ ਅੰਦੋਲਨ ਨੂੰ ਜਾਰੀ ਰੱਖਣ ਦੇ ਮੂਡ ਵਿੱਚ ਹਨ। ਇਸ ਵਿਚਕਾਰ ਕਿਸਾਨ ਆਗੂ ਰਾਕੇਸ਼ ਟਿਕੈਤ ਸ਼ੁੱਕਰਵਾਰ ਨੂੰ ਹਰਿਆਣਾ ਦੇ ਹਿਸਾਰ ਪਹੁੰਚੇ। ਉਨ੍ਹਾਂ ਇੱਥੇ ਬਾਰ ਐਸੋਸੀਏਸ਼ਨ ਦੇ ਧਰਨੇ ਨੂੰ ਸੰਬੋਧਨ ਕੀਤਾ। ਟਿਕੈਤ ਨੇ ਕਿਹਾ ਕਿ ਜੇ ਸਾਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਵੀ ਸੂਤਾਈ ਕਰਾਂਗੇ। ਸੂਤਾਈ ਸ਼ਬਦ ਦੇ ਅਰਥ ਸਾਡੇ ਪਿੰਡਾਂ ਦੇ ਲੋਕ ਚੰਗੀ ਤਰ੍ਹਾਂ ਸਮਝਦੇ ਹਨ। ਜਿਸਦਾ ਅਰਥ ਹੈ ਤੰਗ ਕਰਨ ਵਾਲੇ ਨੂੰ ਸਬਕ ਸਿਖਾਉਣਾ।
ਕੋਰੋਨਾ ਵੈਕਸੀਨ ‘ਤੇ ਉਨ੍ਹਾਂ ਕਿਹਾ ਕਿ ਸਰਹੱਦ ‘ਤੇ ਬੈਠੇ ਕਿਸਾਨ ਟੀਕਾ ਲਗਵਾਉਣਗੇ ਪਰ ਕੋਰੋਨਾ ਟੈਸਟ ਨਹੀਂ ਕਰਵਾਉਣਗੇ। ਟੀਕੇ ਵੀ ਉਦੋਂ ਲਗਵਾਉਣਗੇ ਜਦੋਂ ਅੱਧੇ ਟੀਕੇ ਪੁਲਿਸ ਕਰਮਚਾਰੀਆਂ ਨੂੰ ਲਗਾਏ ਜਾਣਗੇ। ਸਾਨੂੰ ਸਰਕਾਰ ਉੱਤੇ ਬਿਲਕੁਲ ਵੀ ਭਰੋਸਾ ਨਹੀਂ ਹੈ। ਟਿਕੈਤ ਨੇ ਸਵਾਲ ਕੀਤਾ ਕਿ ਜੇ ਕੋਰੋਨਾ ਇੰਨਾ ਖ਼ਤਰਨਾਕ ਹੈ ਤਾਂ ਕੁੱਝ ਲੋਕ ਬੰਗਾਲ ਵਿੱਚ ਕਿਉਂ ਰੈਲੀ ਕਰ ਰਹੇ ਹਨ। ਕੋਰੋਨਾ ਨੂੰ ਸਿਰਫ ਇੱਕ ਕਿਸਮ ਦਾ ਬੁਖਾਰ ਮੰਨਿਆ ਜਾ ਸਕਦਾ ਹੈ। ਜੇ ਲੋਕਾਂ ਨੂੰ ਆਕਸੀਜਨ ਨਹੀਂ ਮਿਲ ਰਹੀ, ਤਾਂ ਉੱਥੋਂ ਦੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।