Vaccination of 18 45 age group : ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਇੱਕ ਵਾਰ ਫਿਰ ਕਹਿਰ ਮਚਾ ਰਿਹਾ ਹੈ। ਰੋਜਾਨਾ ਵੱਡੀ ਗਿਣਤੀ ਦੇ ਵਿੱਚ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਪੰਜਾਬ ‘ਚ ਵੀ ਕੋਰੋਨਾ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਮੇ ਸਥਿਤੀ ਕਾਫੀ ਚਿੰਤਾਜਨਕ ਹੋ ਗਈ ਹੈ। ਕੋਰੋਨਾ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਕਈ ਤਰਾਂ ਦੇ ਯਤਨ ਵੀ ਕੀਤੇ ਜਾ ਰਹੇ ਹਨ, ਸਰਕਾਰ ਵਲੋਂ ਸਖਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਦੌਰਾਨ 1 ਮਈ ਤੋਂ ਦੇਸ਼ ਦੇ ਕਈ ਹਿੱਸਿਆਂ ਵਿੱਚ 18 ਤੋਂ 44 ਸਾਲ ਦੀ ਉਮਰ ਦੇ ਲੋਕਾਂ ਲਈ ਟੀਕਾਕਰਨ ਪ੍ਰੋਗਰਾਮ ਚਲਾਇਆ ਜਾਣਾ ਹੈ, ਇਸ ਨੂੰ ਸਰਕਾਰ ਦੁਆਰਾ ਟੀਕਾਕਰਣ ਦਾ ਤੀਜਾ ਪੜਾਅ ਕਿਹਾ ਜਾ ਰਿਹਾ ਹੈ। ਪਰ ਪੰਜਾਬ ਵਿੱਚ 18 ਸਾਲ ਤੋਂ ਉਪਰ ਉਮਰ ਦੇ ਲੋਕ ਟੀਕਾ ਨਹੀਂ ਲਗਵਾ ਸਕਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਹੈ ਕਿ ਟੀਕੇ ਦੀ ਘਾਟ ਕਾਰਨ 18-45 ਸਾਲ ਦੀ ਉਮਰ ਸਮੂਹ ਦੇ ਲੋਕਾਂ ਨੂੰ ਟੀਕੇ ਲਗਾਉਣ ਦਾ ਪ੍ਰੋਗਰਾਮ ਸਮੇਂ ਸਿਰ ਸ਼ੁਰੂ ਨਹੀਂ ਹੋ ਸਕੇਗਾ।
ਕੇਂਦਰ ਤੋਂ ਕੋਰੋਨਾ ਵੈਕਸੀਨ ਨਾ ਮਿਲਣ ਕਾਰਨ ਇਹ ਸੰਕਟ ਪੈਦਾ ਹੋਇਆ ਹੈ। ਹੁਣ ਪੰਜਾਬ ਨੂੰ ਸਿਰਫ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚੋਂ ਲਿਆਂਦੇ 30 ਲੱਖ ਟੀਕਿਆਂ ਦੀ ਖੁਰਾਕ ਦੇ ਅਧਾਰ ‘ਤੇ ਕਰਨੀ ਪਵੇਗੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਕੇਂਦਰ ਤੋਂ ਵੈਕਸੀਨ ਮਿਲਣ ਦੀ ਘੱਟ ਉਮੀਦ ਜਤਾਈ ਹੈ। ਸਿਹਤ ਮੰਤਰੀ ਬਲੀਬਰ ਸਿੰਘ ਸਿੱਧੂ ਨੇ ਦੱਸਿਆ ਕਿ 1 ਮਈ ਤੋਂ ਕੇਂਦਰ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਰੋਨਾ ਟੀਕਾ ਲਾਉਣ ਦਾ ਐਲਾਨ ਕੀਤਾ ਹੈ, ਪਰ ਅਜੇ ਤੱਕ ਕੋਈ ਵੈਕਸੀਨ ਪੰਜਾਬ ਵਿੱਚ ਨਹੀਂ ਪਹੁੰਚੀ, ਜਿਸ ਕਾਰਨ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ 1 ਮਈ ਤੋਂ ਟੀਕਾ ਲਗਵਾਉਣ ਦੀ ਕੋਈ ਸੰਭਾਵਨਾ ਨਹੀਂ ਹੈ।