Travel from India to US: ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੋਈ ਹੈ । ਹਰ ਦਿਨ ਕੋਰੋਨਾ ਦੀ ਲਾਗ ਦੇ ਲੱਖਾਂ ਕੇਸ ਸਾਹਮਣੇ ਆ ਰਹੇ ਹਨ। ਉੱਥੇ ਹੀ ਹਜ਼ਾਰਾਂ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਭਾਰਤ ਵਿੱਚ ਕੋਰੋਨਾ ਦੇ ਵਿਗੜ ਰਹੇ ਹਾਲਾਤਾਂ ਦੇ ਮੱਦੇਨਜ਼ਰ ਅਮਰੀਕਾ ਨੇ ਇੱਕ ਵੱਡਾ ਫੈਸਲਾ ਲਿਆ ਹੈ । ਅਮਰੀਕਾ ਨੇ 4 ਮਈ ਤੋਂ ਭਾਰਤੀਆਂ ਦੀ US ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ । ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।
ਵ੍ਹਾਈਟ ਹਾਊਸ ਦੀ ਬੁਲਾਰਾ ਜੇਨ ਸਾਕੀ ਨੇ ਬਿਆਨ ਵਿੱਚ ਕਿਹਾ, “ਪ੍ਰਸ਼ਾਸਨ ਬਿਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੀ ਸਲਾਹ ‘ਤੇ ਭਾਰਤ ਦੀ ਯਾਤਰਾ ’ਤੇ ਪਾਬੰਦੀ ਲਗਾ ਰਿਹਾ ਹੈ । ਇਹ ਫੈਸਲਾ ਭਾਰਤ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਅਤੇ ਸੰਕ੍ਰਮਣ ਦੇ ਕਈ ਰੂਪਾਂ ਦੇ ਫੈਲਣ ਕਾਰਨ ਲਿਆ ਗਿਆ।”
ਇਸ ਦੌਰਾਨ ਅਮਰੀਕਾ ਤੋਂ ਕੋਰੋਨਾ ਨੂੰ ਲੈ ਕੇ ਰਾਹਤ ਸਮੱਗਰੀ ਭਾਰਤ ਪਹੁੰਚ ਗਈ ਹੈ। ਅਮਰੀਕਾ ਤੋਂ ਭੇਜੇ ਗਏ ਸੈਂਕੜੇ ਆਕਸੀਜਨ ਸਿਲੰਡਰ ਅਤੇ ਰੈਗੂਲੇਟਰ ਸਣੇ ਐਮਰਜੈਂਸੀ ਮੈਡੀਕਲ ਅਤੇ ਰਾਹਤ ਸਪਲਾਈ ਦੀ ਖੇਪ ਨੂੰ ਲੈ ਕੇ ਦੋ ਜਹਾਜ਼ ਸ਼ੁੱਕਰਵਾਰ ਨੂੰ ਭਾਰਤ ਪਹੁੰਚੇ । ਯੂਐਸ ਏਅਰ ਫੋਰਸ ਦੇ ਸਭ ਤੋਂ ਵੱਡੇ ਤਕਨੀਕੀ ਹਵਾਈ ਜਹਾਜ਼ਾਂ ਵਿਚੋਂ ਇੱਕ C-5M ਸੁਪਰ ਗਲੈਕਸੀ ਮੈਡੀਕਲ ਉਪਕਰਣ ਅਤੇ ਹੋਰ ਰਾਹਤ ਸਮੱਗਰੀ ਲੈ ਕੇ ਦਿੱਲੀ ਪਹੁੰਚਿਆ।
ਇਸ ਸਬੰਧੀ ਅਮਰੀਕੀ ਦੂਤਘਰ ਵੱਲੋਂ ਵੀ ਇੱਕ ਟਵੀਟ ਕੀਤਾ ਗਿਆ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਅਮਰੀਕਾ ਤੋਂ ਐਮਰਜੈਂਸੀ ਕੋਵਿਡ-19 ਰਾਹਤ ਸਮੱਗਰੀ ਦੀ ਪਹਿਲੀ ਖੇਪ ਭਾਰਤ ਪਹੁੰਚ ਗਈ ਹੈ । 70 ਸਾਲਾਂ ਤੋਂ ਵੱਧ ਦੇ ਸਹਿਯੋਗ ਨੂੰ ਮਜ਼ਬੂਤੀ ਮਿਲੀ। ਅਮਰੀਕਾ ਭਾਰਤ ਦੇ ਨਾਲ ਖੜਾ ਹੈ। ਅਸੀਂ ਮਿਲ ਕੇ ਕੋਵਿਡ -19 ਵਿਰੁੱਧ ਲੜਾਂਗੇ।”
ਇਹ ਵੀ ਦੇਖੋ: ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਸੀਸ ਨਿਵਾਉਣ ਪਹੁੰਚੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਦੇਖੋ LIVE