Shromini Committee is converting : ਬਠਿੰਡਾ : ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚਐਮਈਐਲ ਰਿਫਾਇਨਿਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ-ਨਾਲ ਖੇਤਰ ਦੇ ਹਸਪਤਾਲਾਂ ਲਈ ਆਕਸੀਜ਼ਨ ਪ੍ਰਦਾਨ ਕਰੇਗੀ। ਇਥੇ ਏਮਜ਼ ਦੇ ਡਾਇਰੈਕਟਰ ਡਾ. ਡੀ ਕੇ ਸਿੰਘ ਨੇ ਕੱਲ੍ਹ ਸ਼ਾਮ ਵਰਚੁਅਲ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਦੱਸਿਆ ਕਿ ਆਕਸੀਜ਼ਨ ਸਹੂਲਤਾਂ, ਕੋਰੋਨਾ ਬੈਡਾਂ ਵਿਚ ਵਾਧੇ ਤੇ ਡਾਕਟਰ ਤੇ ਨਰਸਾਂ ਰੱਖਣ ਦੀ ਬਹੁਤ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਐਚਐਮਈ ਐਲ ਮੈਨੇਜਮੈਂਟ ਨਾਲ ਏਮਜ਼ ਦੇ ਨਾਲ ਖਿੱਤੇ ਦੇ ਹਸਪਤਾਲਾਂ ਨੁੰ ਆਕਸੀਜ਼ਨ ਪ੍ਰਦਾਨ ਕਰਨ ਦਾ ਮਾਮਲਾ ਚੁੱਕਿਆ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਕਸੀਜ਼ਨ ਤੇ ਬੈਡ ਸਹੂਲਤਾਂ ਵਾਸਤੇ ਏਮਜ਼ ਅਤੇ ਐਚ ਐਮ ਈ ਐਲ ਰਿਫਾਇਨਰੀ ਮਿਲ ਕੇ ਕੰਮ ਕਰਨ ਅਤੇ ਅਗਲੇ ਦੋ ਅਤੇ ਤਿੰਨ ਹਫਤੇ ਦੌਰਾਨ 500 ਕੋਰੋਨਾ ਮਰੀਜ਼ਾਂ ਦੀ ਸੰਭਾਲ ਵਾਸਤੇ ਸਹੂਲਤ ਤਿਆਰ ਕਰ ਸਕਣ। ਬੀਬਾ ਬਾਦਲ ਨੇ ਕਿਹਾ ਕਿ ਏਮਜ਼ ਦੇ ਡਾਇਰੈਕਟਰ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਸਥਾ ਨੇ 100 ਬੈਡਾਂ ਦਾ ਆਰਡਰ ਦਿੱਤਾ ਹੈ ਅਤੇ ਅਗਲੇ ਪੜਾਅ ਵਿਚ 100 ਬੈਡ ਹੋਰ ਲਗਾਏ ਜਾ ਸਕਦੇ ਹਨ। ਉਹਨਾਂ ਕਿਹਾ ਕਿ ਮੈਂ ਏਮਜ਼ ਮੈਨੇਜਮੈਂਟ ਨੂੰ ਆਪਣੇ ਐਮ ਪੀ ਲੈਡ ਫੰਡਾਂ ਵਿਚੋਂ ਕੋਰੋਨਾ ਰੀਜ਼ਾਂ ਲਈ ਪੂਰੀਆਂ ਸਹੂਲਤਾਂ ਦੇਣ ਵਾਸਤੇ ਪੂਰੀ ਹਮਾਇਤ ਦਾ ਭਰੋਸਾ ਦੁਆਇਆ ਹੈ।
ਬਠਿੰਡਾ ਦੇ ਐਮਪੀ ਨੇ ਕਿਹਾ ਕਿ ਅਕਾਲੀ ਦਲ ਇਸ ਸੰਕਟ ਦੀ ਘੜੀ ਵਿਚ ਕੋਰੋਨਾ ਮਰੀਜ਼ਾ ਦੀ ਮਦਦ ਵਾਸਤੇ ਹਰ ਯਤਨ ਕਰ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਕਮੇਟੀ ਨੂੰ ਤਲਵੰਡੀ ਸਾਬੋ ਵਿਖੇ ਤਖਤ ਦਮਦਮਾ ਸਾਹਿਬ ਵਿਖੇ ਸਰਾਂ ਨੂੰ 100 ਬੈਡਾਂ ਦੀ ਕੋਰੋਨਾ ਸੰਭਾਲ ਸਹੂਲਤ ਵਿਚ ਤਬਦੀਲ ਕਰਨ ਵਾਸਤੇ ਕਿਹਾ ਹੈ। ਬੀਬਾ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕੀਤੀ ਕਿ ਉਹ ਏਮਜ਼ ਬਠਿੰਡਾ ਵੱਲੋਂ ਹੋਰ 2000 ਤੋਂ 3000 ਆਕਸੀਜ਼ਨ ਸਿਲੰਡਰ ਪ੍ਰਾਪਤ ਕਰਨ ਵਿਚ ਇਸਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਸੂਬੇ ਵਿਚ ਆਕਸੀਜ਼ਨ ਸਪਲਾਈ ਸ਼ੁਰੂ ਕਰਨ ਅਤੇ ਨਾਲੋ-ਨਾਲ ਕੋਰੋਨਾ ਮਰੀਜ਼ਾਂ ਵਾਸਤੇ ਹੋਰ ਬੈਡ ਤਿਆਰ ਕਰਨ ਵਾਸਤੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਸੀਂ ਸਿਹਤ ਐਮਰਜੰਸੀ ਦਾ ਸਾਹਮਣਾ ਕਰ ਰਹੇ ਹਾਂ। ਕਾਂਗਰਸ ਸਰਕਾਰ ਨੂੰ ਕੋਰੋਨਾ ਮਰੀਜ਼ਾਂ ਦੀ ਚੰਗੀ ਸਿਹਤ ਸੰਭਾਲ ਤੱਕ ਪਹੁੰਚ ਯਕੀਨੀ ਬਣਾਉਣ ਵਾਸਤੇ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਿਚ ਫਿਕਸ ਚਾਰਜ ਆਧਾਰ ’ਤੇ ਬੈਡ ਲਏ ਜਾ ਸਕਦੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਅਣਵਰਤੇ ਪਏ ਸੈਂਕੜੇ ਵੈਂਟੀਲੇਟਰਾਂ ਨੁੰ ਚਲਾਉਣ ਵਾਸਤੇ ਮੈਡੀਕਲ ਸਟਾਫ ਦੀ ਭਰਤੀ ਵਿਚ ਦੇਰੀ ਨਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਤੇਜ਼ ਰਫਤਾਰ ਭਰਤੀ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਜੋ ਅਗਲੇ ਕੁਝ ਦਿਨਾਂ ਵਿਚ ਹੀ ਪੂਰੀ ਕੀਤੀ ਜਾਣੀ ਚਾਹੀਦੀ ਹੈ ਅਤੇ ਵੈਂਟੀਲੇਟਰ ਲਗਾ ਕੇ ਜਿੰਨੀ ਛੇਤੀ ਸੰਭਵ ਹੋ ਸਕੇ ਚਾਲੂ ਕੀਤੇ ਜਾਣੇ ਚਾਹੀਦੇ ਨ। ਉਹਨਾਂ ਕਿਹਾ ਕਿ ਹਰ ਸੈਕੰਡ ਵਿਅਰਥ ਗੁਆਉਣ ਨਾਲ ਸੂਬੇ ਵਿਚ ਮੌਤਾਂ ਦੀ ਗਿਣਤੀ ਵੱਧ ਰਹੀ ਹੈ ਜਿਸ ਕਾਰਨ ਸੂਬੇ ਵਿਚ ਮੌਤ ਦਰ ਕੌਮੀ ਔਸਤ ਨਾਲੋਂ ਦੁੱਗਣੀ ਹੈ। ਬਠਿੰਡਾ ਦੀ ਐਮ ਪੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜਿੰਨੀ ਵੱਡੀ ਪੱਧਰ ’ਤੇ ਸੰਭਵ ਹੈ ਵੈਕਸੀਨ ਲਗਵਾਉਣ ਅਤੇ ਇਸ ਸਬੰਧੀ ਗਲਤ ਪ੍ਰਾਪੇਗੰਡਾ ਤੋਂ ਗੁੰਮਰਾਹ ਨਾ ਹੋਣ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਹਰਾਉਣ ਲਈ ਤੇਜ਼ ਰਫਤਾਰ ਵੈਕਸੀਨੇਸ਼ਨ ਹੀ ਇਕੋ ਉਪਾਅ ਹੈ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਪੰਜਾਬ ਨੂੰ ਵੈਕਸੀਨ ਛੇਤੀ ਤੋਂ ਛੇਤੀ ਅਲਾਟ ਕੀਤੀ ਜਾਵੇ ਅਤੇ ਕਿਹਾ ਕਿ ਵੈਕਸੀਨ ਦੀ ਕਮੀ ਸੂਬੇ ਵਿਚ ਕੋਰੋਨਾ ਹਾਲਾਤ ਵਿਚ ਬਹੁਤ ਲੋੜੀਂਦੀ ਤਬਦੀਲੀ ਦੇ ਰਾਹ ਵਿਚ ਅੜਿੱਕਾ ਨਹੀਂ ਬਣਨੀ ਚਾਹੀਦੀ। ਉਹਨਾਂ ਕਿਹਾ ਕਿ ਸੂਬਿਆਂ ਵਿਚ ਕੋਰੋਨਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਵੈਕਸੀਨ ਅਲਾਟ ਹੋਣੀ ਚਾਹੀਦੀ ਹੈ ਤੇ ਪੰਜਾਬ ਜਿਸ ਵਿਚ ਦੂਜੀ ਲਹਿਰ ਸਭ ਤੋਂ ਘਾਤਕ ਹੈ ਨੂੰ ਖੁੱਲ੍ਹੇ ਦਿਲ ਨਾਲ ਵੈਕਸੀਨ ਸਪਲਾਈ ਤੁਰੰਤ ਪ੍ਰਦਾਨ ਕਰਨੀ ਚਾਹੀਦੀ ਹੈ। ਸਾਬਕਾ ਮੰਤਰੀ ਨੇ ਵਰਚੁਅਲ ਕਾਨਫਰੰਸ ਦੌਰਾਨ ਬਠਿੰਡਾ ਦੀਆਂ ਕੁਝ ਐਨਜੀਓਜ਼ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜ਼ਾਂ ਨੂੰ ਲੁੱਟ ਰਹੇ ਹਨ ਉਨ੍ਹਾਂ ਕਿਹਾ ਕਿ ਐਨਜੀਓਜ਼ ਨੇ ਆਕਸੀਜਨ ਦੀ ਕਮੀ ਅਤੇ ਰੈਮੇਡਿਸਵੀਰ ਵਰਗੀ ਜੀਵਨ ਰੱਖਿਅਕ ਦਵਾਈ ਦੀ ਘਾਟ ਦਾ ਮਾਮਲਾ ਵੀ ਉਠਾਇਆ। ਸ੍ਰੀਮਤੀ ਬਾਦਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨਾਲ ਗੱਲ ਕੀਤੀ ਤੇ ਇਹ ਮਾਮਲੇ ਉਹਨਾਂ ਦੇ ਧਿਆਨ ਵਿਚ ਲਿਆਂਦੇ।