Corona outbreak in India yet : ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਅਜੇ ਖਤਮ ਨਹੀਂ ਹੋ ਰਹੀ ਹੈ। ਇਸ ਦਾ ਪੀਕ ਆਉਣਾ ਅਜੇ ਬਾਕੀ ਹੈ। ਭਾਰਤ ਵਿੱਚ ਵਾਇਰਸ ਮੁੜ ਭਿਆਨਕ ਰੂਪ ਧਾਰ ਸਕਦਾ ਹੈ। ਇਹ ਚਿਤਾਵਨੀ ਨੀਤੀ ਕਮਿਸ਼ਨ ਦੇ ਮੈਂਬਰ ਡਾ. ਵੀਕੇ ਪਾਲ ਨੇ ਦਿੱਤੀ ਹੈ।
ਡਾ. ਪਾਲ ਨੇ ਕਿਹਾ ਹੈ ਕਿ ਇਸ ਦੇ ਲਈ ਸੂਬਿਆਂ ਦੀ ਮਦਦ ਨਾਲ ਕੌਮੀ ਪੱਧਰ ’ਤੇ ਸਿਹਤ ਸਬੰਧੀ ਢਾਂਚਿਆਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ, ਤਾਂਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ। ਡਾ. ਵੀਕੇ ਪਾਲ ਨੇ ਕਿਹਾ ਹੈ ਕਿ ਇਹ ਦੋਸ਼ ਗਲਤ ਹੈ ਕਿ ਸਰਕਾਰ ਨੂੰ ਕੋਰੋਨਾ ਦੀ ਦੂਜੀ ਲਹਿਰ ਦੀ ਜਾਣਕਾਰੀ ਨਹੀਂ ਸੀ। ਅਸੀਂ ਲਗਾਤਾਰ ਲੋਕਾਂ ਨੂੰ ਵੱਖ-ਵੱਖ ਪਲੇਟਫਾਰਮਸ ਰਾਹੀਂ ਚਿਤਾਵਨੀ ਦੇ ਰਹੇ ਸੀ। ਅਸੀਂ ਇਹ ਵੀ ਦੱਸ ਰਹੇ ਸੀ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਏਗੀ।
ਦੇਸ਼ ਵਿੱਚ ਅਜੇ ਸੀਰੋ ਪਾਜ਼ੀਟਿਵਿਟੀ 20 ਫੀਸਦੀ ਹੈ। 80 ਫੀਸਦੀ ਅਬਾਦੀ ਹੁਣ ਵੀ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੀ ਹੈ। ਡਾ. ਪਾਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਿਤੇ ਨਹੀਂ ਗਿਆ ਸੀ। ਇਹੀ ਸਥਿਤੀ ਹੋਰਨਾਂ ਦੇਸ਼ਾਂ ਦੀ ਵੀ ਹੈ। ਬੀਤੇ ਦਿਨ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡਾ. ਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17 ਮਾਰਚ ਨੂੰ ਸਾਫ ਤੌਰ ’ਤੇ ਕਿਹਾ ਸੀ ਕਿ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆ ਚੁੱਕੀ ਹੈ। ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਨਹੀਂ ਸੰਘਰਸ਼ ਕਰਨ ਦੀ ਲੋੜ ਹੈ। ਸੁਰੱਖਿਅਤ ਰਹਿਣ ਦੀ ਲੋੜ ਹੈ।
ਡਾ. ਪਾਲ ਨੇ ਕਿਹਾ ਕਿ ਪੀਕ ਆਉਣਾ ਅਜੇ ਬਾਕੀ ਹੈ ਕਿਉਂਕਿ ਇਹ ਵਾਇਰਸ ਕਦੇ ਵੀ ਆਪਣਾ ਭਿਆਨਕ ਰੂਪ ਧਾਰ ਸਕਾਦ ਹੈ। ਬਸ ਇੰਨੀ ਜਿਹੀ ਗੱਲ ਸਾਨੂੰ ਪਤਾ ਹੈ। ਇਸ ਲਈ ਦੇਸ਼ ਭਰ ਵਿੱਚ ਤਿਆਰੀਆਂ ਚੱਲ ਰਹੀਆਂ ਹਨ। ਸਿਹਤ ਸਹੂਲਤਾਂ ਨੂੰ ਵਧਾਇਆ ਜਾ ਰਿਹਾ ਹੈ। ਕੰਟੇਨਮੈਂਟ ਮੇਜਰਸ ਲਏ ਜਾ ਰਹੇ ਹਨ। ਇਸ ਦੇ ਲਈ ਲੋਕਾਂ ਨੂੰ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ, ਤਾਂਕਿ ਉਹ ਵੱਧ ਤੋਂ ਵੱਧ ਸੁਰੱਖਿਅਤ ਰਹਿ ਸਕਣ।
ਡਾ. ਵੀਕੇ ਪਾਲ ਨੇ ਕਿਹਾ ਕਿ ਇਹ ਇੱਕ ਮਹਾਮਾਰੀ ਹੈ, ਕੋਈ ਛੋਟੀ-ਮੋਟੀ ਬੀਮਾਰੀ ਨਹੀਂ ਹੈ। ਇਸ ਬੀਮਾਰੀ ਦੀ ਖਾਸ ਗੱਲ ਇਹ ਹੈ ਕਿ ਇਹ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਹੁਣ ਇਹ ਦਿਹਾਤੀ ਇਲਾਕਿਆਂ ਨੂੰ ਵੀ ਨਹੀਂ ਛੱਡ ਰਿਹਾ ਹੈ। ਪਹਾੜੀ ਸੂਬਿਆਂ ਤੱਕ ਵੀ ਪਹੁੰਚ ਗਿਆ ਹੈ। ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਅਤੇ ਕੋਰੋਨਾ ਪ੍ਰੋਟੋਕਾਲ ਨੂੰ ਮੰਨਣ ਵਿੱਚ ਲੱਗਣਾ ਚਾਹੀਦਾ ਹੈ।