Looting of Rs 45 lakh solved : ਜਲਾਲਾਬਾਦ ਵਿੱਚ ਦੋ ਦਿਨ ਪਹਿਲਾਂ ਸ੍ਰੀ ਮੁਕਤਸਰ ਸਾਹਿਬ-ਜਲਾਲਾਬਾਦ ਸੜਕ ‘ਤੇ ਸਥਿਤ ਪਿੰਡ ਚੱਕ ਸੈਦੋ ਕੇ ਦੇ ਸੇਮ ਨਾਲੇ ਕੋਲ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲ਼ੋਂ ਪਿਸਤੌਲ ਦੀ ਨੋਕ ‘ਤੇ ਬੈਂਕ ਮੁਲਾਜ਼ਮਾਂ ਕੋਲੋਂ ਕੀਤੀ ਗਈ 45 ਲੱਖ ਦੀ ਲੁੱਟ ਦਾ ਮਾਮਲਾ ਪੁਲਿਸ ਵਲ਼ੋਂ ਸੁਲਝਾ ਲਿਆ ਗਿਆ ਹੈ।
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਵਿੱਚ ਇਕ ਬੈਂਕ ਮੁਲਾਜ਼ਮ ਹੀ ਦੋਸ਼ੀ ਪਾਇਆ ਗਿਆ ਹੈ ਅਤੇ ਲੁੱਟ ਕਰਨ ਵਾਲੇ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਵੀ ਪਛਾਣ ਹੋ ਗਈ ਹੈ। ਪੁਲਿਸ ਪ੍ਰਸ਼ਾਸਨ ਵਲ਼ੋਂ ਛੇਤੀ ਹੀ ਪ੍ਰੈੱਸ ਕਾਨਫ਼ਰੰਸ ਕਰਕੇ ਸਾਰੀ ਘਟਨਾ ਸਾਹਮਣੇ ਲੈ ਕੇ ਆਉਂਦੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਬੀਤੀ 12 ਮਈ ਨੂੰ ਹਥਿਆਰਬੰਦ ਲੁਟੇਰਿਆਂ ਨੇ ਬੈਂਕ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ 45 ਲੱਖ ਰੁਪਏ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਘਟਨਾ ਜਲਾਲਾਬਾਦ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਲਗਭਗ ਸਾਢੇ 12 ਵਜੇ ਦੇ ਕਰੀਬ ਵਾਪਰੀ ਸੀ, ਜਦੋਂ ਕੋਟਕ ਮਹਿੰਦਰਾ ਬੈਂਕ ਦੇ ਦੋ ਮੁਲਾਜ਼ਮ ਸ੍ਰੀ ਮੁਕਤਸਰ ਸਾਹਿਬ ਤੋਂ ਬੈਂਕ ਦੀ ਪੇਮੈਂਟ ਲੈ ਕੇ ਜਲਾਲਾਬਾਦ ਆ ਰਹੇ ਸਨ। ਰਸਤੇ ਦੇ ਵਿਚ ਚੱਕ ਸੈਦੋ ਕੇ ਸੇਮ ਨਾਲੇ ਦੇ ਪੁਲ ’ਤੇ ਲੁਟੇਰਿਆਂ ਵੱਲੋਂ ਫਾਇਰਿੰਗ ਕੀਤੀ ਗਈ। ਗੋਲੀਬਾਰੀ ਵਿੱਚ ਇੱਕ ਗੋਲੀ ਕਾਰ ਦੇ ਸ਼ੀਸ਼ੇ ਵਿੱਚ ਲੱਗੀ।
ਲੁਟੇਰਿਆਂ ਨੇ ਮੁਲਾਜ਼ਮਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਕਿਹਾ ਕਿ ਜੇ ਉਨ੍ਹਾਂ ਬੈਗ ਨਾ ਦਿੱਤਾ ਤਾਂ ਉਹ ਗੋਲੀ ਮਾਰ ਦਣਗੇ। ਇਸ ਤੋਂ ਬਾਅਦ ਉਹ ਨੋਟਾਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਨੂੰ ਦੋ ਲੁਟੇਰਿਆਂ ਨੇ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ ਅਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਸਨ।