ਚੱਕਰਵਾਤ ਯਾਸ ਓਡੀਸ਼ਾ ਦੇ ਦੱਖਣ ਵਿੱਚ ਬਾਲਾਸੋਰ ਨੇੜੇ ਤੇਜ਼ੀ ਨਾਲ ਵੱਧ ਰਿਹਾ ਹੈ। ਚੱਕਰਵਾਤ ਤੂਫ਼ਾਨ ਯਾਸ ਦਾ ਲੈਂਡਫਾਲ ਜਾਰੀ ਹੈ। ਭਿਆਨਕ ਚੱਕਰਵਾਤੀ ਤੂਫਾਨ ਯਾਸ ਦੇ ਅੱਜ ਸਵੇਰੇ 11 ਵਜੇ ਦੇ ਕਰੀਬ ਓਡੀਸ਼ਾ ਦੇ ਧਾਮਰਾ ਵਿੱਚ ਟਕਰਾਉਣ ਦੀ ਸੰਭਾਵਨਾ ਹੈ। ਤੂਫਾਨ ਦੇ ਮੱਦੇਨਜ਼ਰ ਕਈ ਸੂਬਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੌਸਮ ਵਿਭਾਗ (ਆਈ.ਐਮ.ਡੀ.) ਦੇ ਅਨੁਸਾਰ, ਜਦੋਂ ਯਾਸ ਨਾਮ ਦਾ ਇਹ ਤੂਫਾਨ ਦਾ ਸਮੁੰਦਰੀ ਕੰਢੇ ਨਾਲ ਟਕਰਾਏਗਾ ਤਾਂ ਉਸ ਸਮੇਂ 130-140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਮੌਸਮ ਵਿਭਾਗ ਅਨੁਸਾਰ ਲੈਂਡਫਾਲ ਦੀ ਪ੍ਰਕਿਰਿਆ ਸਵੇਰੇ 9 ਵਜੇ ਸ਼ੁਰੂ ਹੋਈ ਹੈ। ਓਡੀਸ਼ਾ ਅਤੇ ਬੰਗਾਲ ਦੇ ਤੱਟਵਰਤੀ ਇਲਾਕਿਆਂ ਵਿੱਚ ਬਾਰਿਸ਼ ਜਾਰੀ ਹੈ। ਕੁੱਝ ਘੰਟਿਆਂ ਵਿੱਚ ਇਹ ਤੂਫਾਨ ਓਡੀਸ਼ਾ ਦੇ ਤੱਟ ਉੱਤੇ ਆ ਜਾਵੇਗਾ। ਯਾਸ ਚੱਕਰਵਾਤ ਦੇ ਤੂਫਾਨ ਕਾਰਨ ਖਰਾਬ ਹੋਏ ਮੌਸਮ ਦੇ ਕਾਰਨ, ਅੱਜ (ਬੁੱਧਵਾਰ) ਸਵੇਰੇ 8:30 ਵਜੇ ਤੋਂ ਸ਼ਾਮ 7 ਵਜੇ ਤੱਕ ਕੋਲਕਾਤਾ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀਆਂ ਉਡਾਣਾਂ ਨੂੰ ਸ਼ਾਮ 7: 45 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ, ਭੁਵਨੇਸ਼ਵਰ ਹਵਾਈ ਅੱਡਾ ਕੱਲ (ਮੰਗਲਵਾਰ) ਰਾਤ ਤੋਂ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਭਾਰਤੀ ਰੇਲਵੇ ਨੇ ਓਡੀਸ਼ਾ-ਬੰਗਾਲ ਦੀਆਂ ਸਾਰੀਆਂ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਹੈ। ਤੂਫਾਨੀ ਚਿਤਾਵਨੀ ਕਾਰਨ ਓਡੀਸ਼ਾ-ਬੰਗਾਲ ਤੋਂ ਇਲਾਵਾ ਬਿਹਾਰ ਅਤੇ ਝਾਰਖੰਡ ਦੀਆਂ ਵੀ ਕਈ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਭਵਿੱਖਬਾਣੀ ਦੇ ਅਨੁਸਾਰ, ਓਡੀਸ਼ਾਵਿੱਚ ਭਦਰਕ ਅਤੇ ਬਾਲਾਸੋਰ ਵਿੱਚ ਸਭ ਤੋਂ ਜਿਆਦਾ ਤਬਾਹੀ ਹੋਣ ਦੀ ਸੰਭਾਵਨਾ ਹੈ। ਆਈਐਮਡੀ ਵੱਲੋਂ ਦੱਸਿਆ ਗਿਆ ਹੈ ਕਿ ਚੱਕਰਵਾਤੀ ਤੂਫਾਨ ਅੱਜ (26 ਮਈ) ਦੁਪਹਿਰ ਤੱਕ ਉੱਤਰੀ ਓਡੀਸ਼ਾ ਅਤੇ ਪੱਛਮੀ ਬੰਗਾਲ ਦੇ ਪਾਰਾਦੀਪ ਅਤੇ ਸਾਗਰ ਟਾਪੂਆਂ ਦੇ ਤੱਟ ਦੇ ਨੇੜੇ ਧਾਮਰਾ ਤੋਂ ਇੱਕ ਗੰਭੀਰ ਚੱਕਰਵਾਤ ਦੇ ਰੂਪ ਵਿੱਚ ਲੰਘੇਗਾ।
ਇਸ ਗੱਲ ਦੀ ਸੰਭਾਵਨਾ ਹੈ ਕਿ ਚੱਕਰਵਾਤ ਯਾਸ ਦਾ ਪੱਛਮੀ ਬੰਗਾਲ ‘ਤੇ ਜ਼ਿਆਦਾ ਅਸਰ ਨਹੀਂ ਪਏਗਾ। ਪਰ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਚੱਲਣਗੀਆਂ। ਹਾਲਾਂਕਿ, ਓਡੀਸ਼ਾ ‘ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ। ਬਾਲਾਸੌਰ, ਭਦਰਕ, ਕੇਂਦ੍ਰਪਾੜਾ ਅਤੇ ਓਡੀਸ਼ਾ ਦਾ ਮਯੂਰਭੰਜ ਇਸ ਤੂਫਾਨ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏਗਾ। ਭਦਰਕ ਜ਼ਿਲੇ ਵਿੱਚ ਧਾਮਰਾ ਅਤੇ ਚਾਂਦਬਾਲੀ ਦੇ ਵਿਚਕਾਰ ਯਾਸ ਤੂਫਾਨ ਦੇ ਟਕਰਾਉਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : Cyclone Yaas ਨੂੰ ਲੈ ਕੇ ਰੇਲਵੇ ਵੀ ਹੋਇਆ ਅਲਰਟ, ਜ਼ੰਜੀਰਾਂ ਨਾਲ ਬੰਨ੍ਹੇ ਟ੍ਰੇਨਾਂ ਦੇ ਪਹੀਏ
ਓਡੀਸ਼ਾ ਦੇ ਬਾਲਾਸੌਰ ਵਿੱਚ ਤੂਫਾਨ ਤੋਂ ਪਹਿਲਾਂ ਮੌਸਮ ਖਰਾਬ ਹੈ। ਯਾਸ ਤੂਫਾਨ ਦੇ ਖਤਰੇ ਦੇ ਮੱਦੇਨਜ਼ਰ ਸਮੁੰਦਰੀ ਕੰਢੇ ‘ਤੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ ‘ਤੇ ਭੇਜ ਦਿੱਤਾ ਗਿਆ ਹੈ। ਐਨਡੀਆਰਐਫ ਦੀਆਂ ਟੀਮਾਂ ਸਥਾਨਕ ਲੋਕਾਂ ਨੂੰ ਤੂਫਾਨ ਦੇ ਖਤਰੇ ਬਾਰੇ ਚੇਤਾਵਨੀ ਦੇ ਰਹੀਆਂ ਹਨ। ਬਾਲਸੌਰ ਨੇੜੇ ਚਾਂਦੀਪੁਰ ਵਿਖੇ ਸਮੁੰਦਰੀ ਕੰਢੇ ਤੋਂ ਲੋਕਾਂ ਨੂੰ ਹਟਾਉਣ ਲਈ ਮਰੀਨ ਪੁਲਿਸ ਵੀ ਐਨਡੀਆਰਐਫ ਨਾਲ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਕੱਲ੍ਹ ਚੱਕਰਵਾਤ ਯਾਸ ਓਡੀਸ਼ਾ ਦੇ ਧਮਰਾ ਬੰਦਰਗਾਹ ਨਾਲ ਟਕਰਾਏਗਾ, ਬੰਗਾਲ, ਬਿਹਾਰ ਤੇ ਝਾਰਖੰਡ ‘ਚ ਅਲਰਟ ਜਾਰੀ
ਚੱਕਰਵਾਤੀ ਯਾਸ ਦੇ ਕਾਰਨ ਅਗਲੇ 3 ਦਿਨਾਂ ਤੱਕ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜਦਕਿ ਝਾਰਖੰਡ ਵਿੱਚ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਅਤੇ ਵੀਰਵਾਰ ਨੂੰ ਬਿਹਾਰ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ (ਆਈਐਮਡੀ) ਨੇ 26-27 ਮਈ ਨੂੰ ਅਸਾਮ ਅਤੇ ਮੇਘਾਲਿਆ ਦੀਆ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਦੀ ਵੀ ਗੱਲ ਕੀਤੀ ਹੈ। ਇਸੇ ਤਰ੍ਹਾਂ ਦੱਖਣ ਵਿੱਚ ਉੱਤਰੀ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਇਹ ਵੀ ਦੇਖੋ : ਅੰਮ੍ਰਿਤਸਰ ਤੋਂ ਬਾਅਦ ਪਟਿਆਲੇ ‘ਚ ਨਵਜੋਤ ਸਿੱਧੂ ਦੇ ਘਰ ਦੀ ਛੱਤ ‘ਤੇ ਲੱਗਿਆ ਕਾਲਾ ਝੰਡਾ