ਚੰਡੀਗੜ੍ਹ ਦੇ ਸੈਕਟਰ-33 ਅਤੇ 34 ਬੀਤੀ 26 ਮਈ ਨੂੰ ‘ਕਾਲਾ ਦਿਵਸ’ ਮਨਾ ਰਹੇ ਲਗਭਗ 300 ਦੇ ਕਰੀਬ ਕਿਸਾਨਾਂ ‘ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਲੋਕ ਕਿਸਾਨ ਏਕਤਾ ਚੰਡੀਗੜ੍ਹ ਨਾਲ ਸੰਬੰਧਤ ਸਨ ਅਤੇ ਕਿਸਾਨ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲੈਣ ਲਈ ਰੋਸ ਮੁਜ਼ਾਹਰਾ ਕਰ ਰਹੇ ਸਨ। ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਕਿਸਾਨਾਂ ‘ਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਨਾ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਗਸ਼ਤ ਦੌਰਾਨ ਦੇਖਣ ਵਿੱਚ ਆਇਆ ਕਿ ਇਸ ਦੌਰਾਨ 300 ਦੇ ਕਰੀਬ ਕਿਸਾਨ ਇਥੇ ਇਕੱਠੇ ਹੋਏ ਸਨ, ਜਿਨ੍ਹਾਂ ਨੇ ਸਮਾਜਿਕ ਨਿਯਮਾਂ ਦੀ ਦੂਰੀ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ, ਜਿਸ ਨਾਲ ਕੋਰੋਨਾ ਬੀਮਾਰੀ ਫੈਲਣ ਦਾ ਖਤਰਾ ਫੈਲ ਸਕਦਾ ਹੈ। ਉਨ੍ਹਾਂ ਵਿੱਚੋਂ ਕਈ ਲੋਕਾਂ ਨੇ ਮਾਸਕ ਤੱਕ ਨਹੀਂ ਪਹਿਨੇ ਹੋਏ ਸਨ।
ਇਹ ਵੀ ਪੜ੍ਹੋ : ਬੱਚਿਆਂ ‘ਤੇ ਕੋਰੋਨਾ ਤੋਂ ਬਾਅਦ ਮੰਡਰਾਇਆ ਨਵੀਂ ਬੀਮਾਰੀ ਦਾ ਖਤਰਾ- ਜਲੰਧਰ ‘ਚ 350 ਬੱਚੇ ਆਏ MIS-C ਦੀ ਲਪੇਟ ‘ਚ, ਜਾਣੋ ਕੀ ਹਨ ਲੱਛਣ
ਰੋਸ ਮੁਜ਼ਾਹਰਾ ਕਰ ਰਹੇ ਕਿਸਾਨਾਂ ਨੇ ਜਦੋਂ ਪੁਲਿਸ ਨੂੰ ਆਉਂਦੇ ਹੋਏ ਦੇਖਿਆ ਤਾਂ ਉਹ ਇਧਰ-ਉਧਰ ਹੋ ਗਏ। ਪੁਲਿਸ ਨੇ ਉਨ੍ਹਾਂ ‘ਤੇ ਕੋਰੋਨਾ ਪ੍ਰੋਟੋਕਾਲਾਂ ਦੀ ਪਾਲਣਾ ਦੀ ਉਲੰਘਣਾ ਦੇ ਦੋਸ਼ ਵਿੱਚ ਐੱਫਆਈਆਰ ਦਰਜ ਕੀਤੀ ਹੈ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਅੰਦੋਲਨਕਾਰੀ ਕਿਸਾਨਾਂ ਨੇ 26 ਮਈ ਨੂੰ ਦੇਸ਼ ਵਿੱਚ ‘ਕਾਲਾ ਦਿਵਸ’ ਮਨਾਉਣ ਦਾ ਸੱਦਾ ਦਿੱਤਾ ਸੀ। ਕਿਸਾਨਾਂ ਨੂੰ ਅੰਦੋਲਨ ਕਰਦੇ ਹੋਏ ਪੂਰੇ ਛੇ ਮਹੀਨੇ ਹੋ ਗਏ ਪਰ ਕੇਂਦਰ ਸਰਕਾਰ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰ ਰਹੀ ਹੈ। ਹਾਲਾਂਕਿ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ ਗੱਲਬਾਤ ਦਾ ਸੱਦਾ ਵੀ ਦਿੱਤਾ ਸੀ ਪਰ ਇਸ ਬਾਰੇ ਵੀ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ।