ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨਾਂ ‘ਚ ਚਾਰ ਸਿੱਖ ਨਤਮਸਤਕ ਹੋਏ । ਭਾਈ ਮਨਸਾਧਾਰ, ਭਾਈ ਦਰਗਹ ਤੱਲੀ, ਭਾਈ ਤਖ਼ਤ ਧੀਰ ਤੇ ਭਾਈ ਤੀਰਥ ਉਪੱਲ । ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਅਸੀਂ ਆਪ ਦੀ ਬਾਣੀ ਕਥਾ ਕੀਰਤਨ ਤੁਹਾਡੇ ਸਿੱਖਾਂ ਪਾਸੋਂ ਕਰਤਨੀਏ ਕਥਾਵਾਚਕਾਂ ਪਾਸੋਂ ਸੁਣਦੇ ਹਾਂ ਪਰ ਮਨ ਟਿਕਦਾ ਨਹੀਂ ਪਰ ਜਦੋਂ ਭਾਈ ਨਿਵਲਾ ਤੇ ਭਾਈ ਨਿਹਾਲਾ ਪਾਸੋਂ ਸੁਣਦੇ ਹਾਂ ਤਾਂ ਮਨ ਟਿਕਦਾ ਵੀ ਹੈ ਸ਼ਬਦ ਦਾ ਰਸ ਵੀ ਆਉਂਦਾ ਏ ਤੇ ਮਨ ਸ਼ਾਂਤ ਵੀ ਹੁੰਦਾ ਹੈ ।
ਗੁਰੂ ਜੀ ਇਸ ਦਾ ਕਾਰਨ ਦੱਸੋ। ਇਹ ਸੁਣਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੇਕਰ ਵਕਤੇ ਵਿੱਚ 14 ਗੁਣ ਹੋਣ ਤਾਂ ਉਸ ਪਾਸੋਂ ਬਾਣੀ ਸੁਣਕੇ ਇਹ ਦਾਤ ਪ੍ਰਾਪਤ ਹੁੰਦੀ ਹੈ । ਇਸੇ ਤਰ੍ਹਾਂ ਸ੍ਰੋਤਾ ਅੰਦਰ ਵੀ ਅਗਰ 14 ਗੁਣ ਹੋਵਣ ਤਾਂ ਉਸਨੂੰ ਤੁਰੰਤ ਹੀ ਬਾਣੀ ਦਾ ਰਸ ਗੁਰਮਤਿ ਬ੍ਰਹਮ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸ੍ਰੋਤੇ ਵਕਤੇ ਦੇ ਅੰਦਰ ਇਹ 14-14 ਗੁਣ ਹੋਣ ਤੋਂ ਦੋਨਾਂ ਦੇ ਮਨਾਂ ਤੇ ਗੁਰ ਸ਼ਬਦ ਦਾ ਗਹਿਰਾ ਅਕਸ ਪੈਂਦਾ ਹੈ। ਸਿੱਖ ਕਹਿਣ ਲੱਗੇ ਮਹਾਰਾਜ ਜੀ ਕਿਰਪਾ ਸਾਨੂੰ ਨੂੰ ਇਹ 14 ਗੁਣ ਬਖਸ਼ੋ।।
ਵਕਤਾ ਦੇ 14 ਗੁਣ : ਸੁੰਦਰ ਤਰੀਕੇ ਨਾਲ ਸ਼ਬਦ ਦਾ ਉਚਾਰਣ ਕਰਨਾ ਜਾਣਦਾ ਹੋਵੇ । ਸੰਗਤ ਦੇ ਅਨੁਸਾਰ ਹੀ ਧੁਨ ਉੱਚੀ ਜਾਂ ਨੀਵੀਂ ਕਰਨੀ ਜਾਣਦਾ ਹੋਵੇ । 2. ਸ਼ਬਦ ਦਾ ਵਿਸਥਾਰ ਤੇ ਸੰਕੋਚ ਕਰਨਾ ਜਾਣਦਾ ਹੋਵੇ । ਇਹ ਦੇਖੇ ਕਿ ਸ੍ਰੋਤੇ ਅਗਰ ਮਗਨ ਹੋ ਰਹੇ ਹਨ ਤਾਂ ਵਿਸਥਾਰ ਕਰੇ ਨਹੀਂ ਤਾਂ ਸੰਖੇਪ ਅਰਥ ਕਰਕੇ ਅੱਗੇ ਚੱਲੇ । 3. ਗੁਣ ਕਥਾ ਦੇ ਪ੍ਰਸੰਗ ਪਿਆਰੇ ਕਰਕੇ ਕਹਿਣਾ ਜਾਣਦਾ ਹੋਵੇ । 4. ਮਿੱਠੀ ਆਵਾਜ਼ ਨਾਲ ਇਹੋ ਜਿਹੀ ਧੁਨ ਕਰੇ ਕਿ ਸੁਣਨ ਵਾਲੇ ਸ੍ਰੋਤਿਆ ਨੂੰ ਬਹੁਤ ਪਿਆਰੀ ਲੱਗੀ ਉਸਦੀ ਆਵਾਜ਼ । 5. ਸੱਚ ਬੋਲਣ ਵਾਲਾ ਹੋਵੇ ਸੱਚ ਕਹਿਣ ਤੋਂ ਝਿਝਕੇ ਨਾ । ਕਿਸੇ ਦੀ ਚਾਪਲੂਸੀ ਨਾ ਕਰੇ ਜੋ ਸ਼ਬਦ ਦਾ ਭਾਵ ਹੈ ਉਸਨੂੰ ਡੰਕੇ ਦੀ ਚੋਟ ਤੇ ਸੁਣਾਵੇ । 6 . ਸ਼ੰਕਿਆਂ ਦੀ ਨਵਿਰਤੀ ਕਰਨ ਵਾਲਾ ਹੋਵੇ । ਹਰ ਸਵਾਲ ਦਾ ਉੱਤਰ ਜਾਣਦਾ ਹੋਵੇ ।ਸ੍ਰੋਤਾ ਜਿਸ ਤਰੀਕੇ ਨਾਲ ਸਮਝੇ ਉਸੇ ਢੰਗ ਨਾਲ ਸਮਝਾਉਣਾ ਜਾਣਦਾ ਹੋਵੇ ।
ਸ਼ਬਦ ਦੇ ਅਨੁਸਾਰ ਹੀ ਸਾਖੀ ਪ੍ਰਮਾਣ ਦਵੇ । 7 ਗੁਣ ਹਰ ਧਰਮ ਹਰ ਮਤਿ ਦਾ ਜਾਣੂ ਹੋਵੇ ਸਾਰੇ ਧਰਮਾਂ ਬਾਬਤ ਗਿਆਨ ਰੱਖਦਾ ਹੋਵੇ । 8. ਕਥਾ ਵਿੱਚ ਵਿਖੇਪ ਨਾ ਕਰੇ ਬੇਰਸੀ ਨਾ ਕਰੇ ਸ਼ਬਦ ਕੋਈ ਹੋਵੇ ਤੇ ਸਾਖੀਆਂ ਪ੍ਰਮਾਣ ਹੋਰ ਹੋਰ ਹੀ ਕਹੀ ਜਾਵੇ ।ਇੰਝ ਕਰਨ ਨਾਲ ਵਾਦ ਵਿਵਾਦ ਖੜ੍ਹੇ ਹੁੰਦੇ ਹਨ । 9. ਗੁਣ ਬਿਲਕੁਲ ਸਿੱਧਾ ਹੋਕੇ ਬੈਠੇ ਤੇ ਆਪਣੇ ਮਨ ਨੂੰ ਵੀ ਸਿੱਧਾ ਕਰਕੇ ਰੱਖੇ ਉਪਦੇਸ਼ ਸੁਣਾਉਣ ਲੱਗਿਆਂ । 10 ਗੁਣ ਸਰੋਤਿਆਂ ਦੇ ਮਨਾਂ ਨੂੰ ਪ੍ਰਸੰਨ ਕਰਨਾ ਜਾਣਦਾ ਹੋਵੇ । ਜਿਵੇ ਜਿਵੇਂ ਸ੍ਰੋਤੇ ਸੁਣਨ ਸ਼ਬਦ ਨੂੰ ਤਿਵੇਂ ਤਿਵੇਂ ਉਹਨਾਂ ਦੇ ਮਨਾਂ ਨੂੰ ਸ਼ਬਦ ਦਾ ਰੰਗ ਚੜ੍ਹੇ । 11 ਗੁਣ ਸਾਰੇ ਸ੍ਰੋਤਿਆਂ ਨੂੰ ਸਾਵਧਾਨ ਤੇ ਆਪਣੇ ਸਨਮੁੱਖ ਕਰਨ ਵਾਲਾ ਹੋਵੇ । ਸ੍ਰੋਤਿਆਂ ਦੇ ਮਨਾਂ ਅੰਦਰ ਕਸ਼ਿਸ਼ ਪੌਦਾ ਕਰਨ ਵਾਲਾ ਹੋਵੇ ਕਿ ਅੱਗੋਂ ਪਤਾ ਨਹੀਂ ਕੀ ਕਹਿਣਾ ਹੈ ਹੁਣ ਇਸਨੇ । 12 ਗੁਣ ਹੰਕਾਰੀ ਨਾ ਹੋਵੇ । ਮਤਿ ਉੱਚੀ ਤੇ ਮਨ ਨੀਵਾਂ ਰੱਖਣ ਵਾਲਾ ਹੋਵੇ । 13 ਗੁਣ ਧਾਰਮਿਕ ਹੋਵੇ ਪਖੰਡੀ ਨਾ ਹੋਵੇ । ਜੋ ਕਹੇ ਉਸ ਉਪਦੇਸ਼ ਨੂੰ ਖੁਦ ਕਮਾਉਣ ਵਾਲਾ ਹੋਵੇ । 14 ਗੁਣ ਸੰਤੋਖੀ ਹੋਵੇ ਲੋਭੀ ਨਾ ਹੋਵੇ ।
ਸਰੋਤੇ ਦੇ ਗੁਣ -1 ਗੁਣ ਵਕਤਾ ਦੀ ਕਰਨੀ ਦਾ ਨਿਜ ਭਗਤ ਹੋਵੇ ਮਨ ਬਚਨ ਤੇ ਕਰਮ ਕਰਕੇ । 2 ਮਨ ਦਾ ਹੰਕਾਰੀ ਨਾ ਹੋਵੇ ਕਿ ਮੈਂ ਵੀ ਗਿਆਨੀ ਹਾਂ ਤੇ ਮੈਂ ਵੀ ਵੱਡਾ ਸੇਵਾਦਾਰ ਹਾਂ । 3 ਸ਼ਰਧਾਲੂ ਹੋਵੇ ਸ਼ਬਦ ਤੇ ਸ਼ਰਧਾ ਰੱਖਕੇ ਸੁਣੇ । ਕਦੇ ਕਾਹਲਾ ਨਾ ਪਵੇ । 4 ਆਪਣੀ ਅਕਲ ਦੀ ਸਿਆਣਪ ਵਕਤੇ ਤੇ ਨਾ ਝਾੜੇ । 5 ਵਕਤਾ ਜੋ ਅਰਥ ਕਰੇ ਉਸਨੂੰ ਸਮਝਣ ਦੀ ਸਮਰਥਾ ਰੱਖਦਾ ਹੋਵੇ । ਵਕਤਾ ਕੁਝ ਕਹੇ ਤੇ ਇਹ ਸਮਝਦਾ ਕੁਝ ਹੋਰ ਹੀ ਹੋਵੇ । 6 ਵਕਤੇ ਨੂੰ ਸਵਾਲ ਕਿਵੇਂ ਕਰਨਾ ਹੈ ਇਹ ਸਮਝ ਰੱਖਦਾ ਹੋਵੇ । 7 ਆਲਸੀ ਨਾ ਹੋਵੇ ਮਨ ਤੇ ਸਰੀਰ ਕਰਕੇ । 8 ਆਪਣੀ ਨੀਂਦ ਤੇ ਕਾਬੂ ਰੱਖਣ ਵਾਲਾ ਹੋਵੇ । 10 ਜੋ ਸ਼ਬਦ ਦਾ ਅਰਥ ਸੁਣੇ ਉਸਨੂੰ ਆਪਣੇ ਹਿਰਦੇ ਵਿਚ ਰੱਖਣ ਵਸਾਉਣ ਵਾਲਾ ਹੋਵੇ । 11 ਵੰਡਕੇ ਛਕਣ ਵਾਲਾ ਹੋਵੇ । 12 ਜਿਵੇਂ ਗੁਰੂ ਦਾ ਸਿਧਾਂਤ ਹੈ ਉਸ ਅਨੁਸਾਰ ਸੁਣਕੇ ਅਗਰ ਵਕਤਾ ਕੋਈ ਵਾਧੂ ਗੱਲ ਆਖ ਦਵੇ ਭੁੱਲ ਕਰਕੇ ਤਾਂ ਉਸਨੂੰ ਤਿਆਗ ਦਵੇ ਉਸਦੀ ਭੰਡੀ ਪ੍ਰਚਾਰ ਨਾ ਕਰੇ । 13 . ਸਰੀਰ ਤੇ ਬਸਤਰਾਂ ਦੀ ਸਫ਼ਾਈ ਰੱਖੇ । 14 ਗੁਣ ਪਖੰਡੀ ਨਾ ਹੋਵੇ । ਸ਼ਬਦ ਵਿੱਚ ਮਨ ਲਗਾਕੇ ਸੁਣੇ । ਇਹ ਬਚਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸੋਂ ਸੁਣਕੇ ਇਹਨਾਂ ਸਿੱਖਾਂ ਨੇ ਧਾਰਨ ਕਰਕੇ ਆਪਣਾ ਜਨਮ ਸਫ਼ਲਾ ਕੀਤਾ ।
ਇਹ ਵੀ ਪੜ੍ਹੋ : ਚਮਕੌਰ ਦੀ ਜੰਗ ‘ਚ ਗੁਰੂ ਪੰਥ ਦੀ ਸੇਵਾ ਕਰਦੇ ਹੋਏ ਸ਼ਹੀਦ ਹੋਈ ਬੀਬੀ ਸ਼ਰਨ ਕੌਰ