ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੀਰੀ ਪੀਰੀ ਦੇ ਮਾਲਿਕ ਧੰਨ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ।ਆਪ ਜੀ ਨੇ ਮਾਤਾ ਨਾਨਕੀ ਜੀ ਤੋਂ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲ ‘ਚ ਅਵਤਾਰ ਧਾਰਨ ਕੀਤਾ। ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ, ਸੂਰਜ ਮੱਲ ਜੀ, ਅਣੀ ਰਾਏ ਜੀ ,ਅਟੱਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੋਏ ਅਤੇ ਇੱਕ ਸਪੁੱਤਰੀ ਬੀਬੀ ਵੀਰੋ ਜੀ ਹੋਏ ਹਨ। ਬਚਪਨ ਤੋਂ ਹੀ ਆਪ ਜੀ ਦਾ ਸੁਭਾਅ ਪਰਉਪਕਾਰੀ ਦਇਆਵਾਨ ਸੀ।
ਆਪ ਜੀ ਬਹੁਤ ਘੱਟ ਕਿਸੇ ਨਾਲ ਬੋਲਦੇ ਸਨ ਤੇ ਅੱਠੇ ਪਹਿਰ ਭਗਤੀ ‘ਚ ਲੀਨ ਰਹਿੰਦੇ । ਮਾਤਾ ਗੁਜਰੀ ਜੀ ਨਾਲ ਆਪ ਜੀ ਦਾ ਅਨੰਦ ਕਾਰਜ ਹੋਇਆ। ਕਰਤਾਰਪੁਰ ਸਾਹਿਬ ਦੀ ਚੌਥੀ ਜੰਗ ‘ਚ ਆਪ ਜੀ ਨੇ ਪਿਤਾ ਗੁਰੂ ਹਰਿ ਗੋਬਿੰਦ ਸਾਹਿਬ ਜੀ ਨਾਲ ਮਿਲਕੇ ਦੁਸ਼ਮਣ ਦਲ ਦਾ ਮੁਕਾਬਲਾ ਡੱਟ ਕੇ ਕੀਤਾ। ਬਾਬਾ ਬਕਾਲਾ ਸਾਹਿਬ ਭੋਰਾ ਸਾਹਿਬ ‘ਚ ਇਕ ਰਸ 26 ਸਾਲ 9 ਮਹੀਨੇ 13 ਦਿਨ ਆਪ ਜੀ ਅਗੰਮੀ ਰਸ ‘ਚ ਲੀਨ ਰਹੇ।ਸ਼ਰੀਕਾਂ ਵੱਲੋਂ ਸ਼ੀਹੇਂ ਮਸੰਦ ਵੱਲੋਂ ਆਪ ਜੀ ਤੇ ਗੋਲ਼ੀ ਵੀ ਚਲਾਈ ਗਈ ਪਰ ਆਪ ਨੂੰ ਤੱਤੀ ਵਾ ਨਾ ਲੱਗੀ। ਮੱਖਣ ਸ਼ਾਹ ਲੁਬਾਣਾ ਜੀ ਨੇ ਆਪ ਜੀ ਨੂੰ ਪ੍ਰਗਟ ਕੀਤਾ ਗੁਰ ਲਾਧੋ ਰੇ ਦਾ ਹੋਕਾ ਦੇ ਕੇ ਕਿਓਂਕਿ ਅੱਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੱਚਖੰਡ ਗਮਨ ਤੋਂ ਪਹਿਲਾਂ ਦਿੱਲੀ ਵਿਖੇ ਬਚਨ ਕੀਤੇ “ਬਾਬਾ ਵਸਹਿ ਜਿ ਗ੍ਰਾਮ ਬਕਾਲੇ ਬਨ ਗੁਰ ਸੰਗਤ ਸਦਾ ਸਮਾਲਹਿ”।
ਹਰਿਮੰਦਰ ਸਾਹਿਬ ਆਪ ਜੀ ਜਦੋਂ ਦਰਸ਼ਨਾਂ ਨੂੰ ਆਏ ਤਾਂ ਪੁਜਾਰੀਆਂ ਨੇ ਦਰਸ਼ਨੀ ਡਿਓਢੀ ਨੂੰ ਜਿੰਦੇ ਲਗਾ ਦਿੱਤੇ ਆਪ ਜੀ ਨੂੰ ਅੰਦਰ ਜਾਣ ਨਹੀਂ ਦਿੱਤਾ,ਪਰ ਆਪ ਜੀ ਭਾਣੇ ਚ ਰਹੇ। ਆਨੰਦਪੁਰ ਸਾਹਿਬ ਦੀ ਰਚਨਾ ਆਪ ਜੀ ਨੇ ਕੀਤੀ। ਪੂਰਬ ਨੂੰ ਚਲੇ ਪਾਏ ਪਟਨਾ ਸ਼ਹਿਰ ਵਿਖੇ ਵਿਆਹ ਤੋਂ 32 ਸਾਲ ਬਾਅਦ ਆਪ ਜੀ ਦੇ ਲਾਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ। ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣਕੇ ਆਪ ਜੀ ਨੇ ਸ਼ਹੀਦੀ ਦੇ ਕੇ ਆਪਣੇ ਸਿਖਾਂ ਨਾਲ ਹਿੰਦੂ ਧਰਮ ਦੀ ਰਾਖੀ ਕੀਤੀ।
ਇਹ ਵੀ ਪੜ੍ਹੋ : ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰਸਿੱਖ ਨੂੰ ਸਰੋਤੇ ਤੇ ਵਕਤੇ ਦੇ ਗੁਣਾਂ ਬਾਰੇ ਦੱਸਣਾ