ਟੋਹਾਣਾ ਤੋਂ ਵਿਧਾਇਕ ਦੇਵੇਂਦਰ ਬਬਲੀ ਅਤੇ ਕਿਸਾਨਾਂ ਵਿੱਚ ਮੰਗਲਵਾਰ ਨੂੰ ਹੋਏ ਵਿਵਾਦ ਤੋਂ ਬਾਅਦ ਤਣਾਅ ਸਿਖਰ ‘ਤੇ ਹੈ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਟੋਹਾਣਾ ਪਹੁੰਚੇ ਅਤੇ ਟੋਹਾਣਾ ਦੇ ਟਾਊਨ ਪਾਰਕ ਵਿਖੇ ਇਕੱਠੇ ਹੋਏ ਕਿਸਾਨਾਂ ਨਾਲ ਇਸ ਮੁੱਦੇ ਤੇ ਵਿਚਾਰ ਵਟਾਂਦਰੇ ਕੀਤੇ ਸਨ।
ਇਸ ਤੋਂ ਬਾਅਦ ਦੁਪਹਿਰ ਵੇਲੇ ਕਿਸਾਨ ਮਿੰਨੀ ਸਕੱਤਰੇਤ ਪਹੁੰਚੇ ਅਤੇ ਟੋਹਾਣਾ ਦੇ ਐਸਡੀਐਮ ਦਫਤਰ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਟੋਹਾਣਾ ਪ੍ਰਸ਼ਾਸਨ ਨੇ ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਵਫ਼ਦ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਮਸਲੇ ਦਾ ਹੱਲ ਕੱਢਿਆ ਜਾ ਸਕੇ। ਜਿਸ ਤੋਂ ਬਾਅਦ ਕਿਸਾਨਾਂ ਦੀ ਤਰਫੋਂ 11 ਮੈਂਬਰੀ ਵਫ਼ਦ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ। ਇਹ ਬੈਠਕ ਹੁਣ ਖਤਮ ਹੋ ਗਈ ਹੈ ਅਤੇ ਇਸ ਦੌਰਾਨ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਿਸਾਨਾਂ ਅਤੇ ਵਿਧਾਇਕ ਦੇਵੇਂਦਰ ਸਿੰਘ ਬਬਲੀ ਦੇ ਮਾਮਲੇ ਵਿੱਚ ਹੋਈ 11 ਮੈਂਬਰੀ ਮੀਟਿੰਗ ਬੇਸਿੱਟਾ ਰਹੀ ਹੈ।
ਜਾਣਕਾਰੀ ਮਿਲੀ ਹੈ ਕੇ ਪ੍ਰਸ਼ਾਸਨ ਨੇ ਕਿਸਾਨਾਂ ਤੋਂ 6 ਜੂਨ ਤੱਕ ਦਾ ਸਮਾਂ ਮੰਗਿਆ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ 6 ਜੂਨ ਨੂੰ ਫੈਸਲਾ ਨਾ ਲਿਆ ਗਿਆ ਤਾਂ 7 ਜੂਨ ਨੂੰ ਕਿਸਾਨ ਰਾਜ ਦੇ ਸਾਰੇ ਥਾਣਿਆਂ ਦਾ ਘਿਰਾਓ ਕਰ ਪ੍ਰਦਰਸ਼ਨ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਬਬਲੀ ਖ਼ਿਲਾਫ਼ ਦੰਗੇ ਭੜਕਾਉਣ, 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਨਾ ਚਾਹੀਦਾ ਹੈ। ਗੁਰਨਾਮ ਸਿੰਘ ਚੜੂਨੀ ਨੇ ਐਸਡੀਐਮ ਦਫਤਰ ਦੇ ਬਾਹਰ ਸਟੇਜ ਤੋਂ ਸੰਬੋਧਨ ਵੀ ਕੀਤਾ ਹੈ।
ਇਹ ਵੀ ਪੜ੍ਹੋ : ਜੇਜੇਪੀ ਵਿਧਾਇਕ ਤੇ ਕਿਸਾਨਾਂ ਵਿਚਕਾਰ ਵਧਿਆ ਵਿਵਾਦ, ਟੋਹਾਣਾ ‘ਚ ਇਕੱਠੇ ਹੋਏ ਹਜ਼ਾਰਾਂ ਕਿਸਾਨ ਕੇਸ ਰੱਦ ਕਰਨ ਦੀ ਕੀਤੀ ਮੰਗ
ਕਿਸਾਨਾਂ ਦੀ ਵੱਡੀ ਗਿਣਤੀ ਵਿੱਚ ਮੌਜੂਦਗੀ ਅਤੇ ਤਣਾਅ ਦੇ ਮੱਦੇਨਜ਼ਰ ਸੁਰੱਖਿਆ ਲਈ ਭਾਰੀ ਪੁਲਿਸ ਬਲ ਵੀ ਤਾਇਨਾਤ ਕੀਤਾ ਗਿਆ ਸੀ। ਇਸਦੇ ਨਾਲ ਹੀ ਜ਼ਿਲੇ ਦੇ ਉੱਚ ਅਧਿਕਾਰੀਆਂ ਨੇ ਵੀ ਟੋਹਾਣਾ ਵਿੱਚ ਡੇਰਾ ਲਾਇਆ ਹੋਇਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕੇ ਵਿਧਾਇਕ ਉਨ੍ਹਾਂ ਤੋਂ ਮੁਆਫੀ ਮੰਗਣ ਅਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਵਾਪਿਸ ਲਏ ਜਾਣ।
ਇਹ ਵੀ ਦੇਖੋ : ਕਿਸਾਨਾਂ ਦਾ ਵਿਧਾਇਕ ਬਬਲੀ ਨਾਲ ਪਿਆ ਪੰਗਾ, ਮਿੰਨੀ ਸਕੱਤਰੇਤ ਚ ਹਜੂਮ, ਅਨਿਲ ਵਿਜ ਨੇ ਦੇ ਦਿੱਤੀ ਚਿਤਾਵਨੀ