ਲੁਧਿਆਣਾ : ਪਿਛਲੇ ਲਗਭਗ 6 ਮਹੀਨਿਆਂ ਤੋਂ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਹਨ। ਅੱਜ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨ ਦੀਆਂ ਕਾਪੀਆਂ ਨੂੰ ਸਾੜ ਕੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਕਿਸਾਨ ਸੰਗਠਨਾਂ ਨੇ ਅੱਜ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਰੇਲਵੇ ਸਟੇਸ਼ਨ ਪਾਰਕ ‘ਚ ਧਰਨੇ ‘ਤੇ ਬੈਠੇ ਮਜ਼ਦੂਰ ਅਤੇ ਕਿਸਾਨ ਸੰਗਠਨ ਸ਼ਨੀਵਾਰ ਨੂੰ ਭਾਜਪਾ ਨੇਤਾਵਾਂ ਦੇ ਘਰਾਂ ਸਾਹਮਣੇ ਖੇਤੀਬਾੜੀ ਸੁਧਾਰ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ। ਇਸ ਦੇ ਲਈ ਸਵੇਰ ਤੋਂ ਹੀ ਭਾਜਪਾ ਨੇਤਾਵਾਂ ਦੇ ਘਰਾਂ ਦੇ ਸਾਹਮਣੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਕਿਸਾਨ ਜੱਥੇਬੰਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਰਾਜਿੰਦਰ ਭੰਡਾਰੀ ਦੇ ਘਰ ਦਾ ਘਿਰਾਓ ਕਰਨ ਦੀ ਯੋਜਨਾ ਬਣਾਈ ਹੈ।
ਕਿਸਾਨਾਂ ਦੇ ਐਲਾਨ ਨਾਲ ਹੀ ਲੁਧਿਆਣਾ ਪੁਲਿਸ ਨੇ ਭੰਡਾਰੀ ਦੇ ਘਰ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਹਨ। ਭੰਡਾਰੀ ਦੇ ਘਰ ਦੇ ਆਸ ਪਾਸ ਬੈਰੀਕੇਡਿੰਗ ਕਰਵਾਈ ਗਈ। ਸੰਯੁਕਤ ਕਿਸਾਨ ਮੋਰਚਾ ਭੰਡਾਰੀ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨਗੇ ਅਤੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨਗੇ।
ਇਹ ਵੀ ਪੜ੍ਹੋ : BJP ਵਿਧਾਇਕ ਨਰਿੰਦਰ ਬ੍ਰਾਗਟਾ ਦਾ ਦੇਹਾਂਤ, ਕੋਰੋਨਾ ਤੋਂ ਠੀਕ ਹੋਣ ਤੋਂ ਬਾਅਦ ਵਿਗੜੀ ਸੀ ਸਿਹਤ
ਇਸ ਤੋਂ ਇਲਾਵਾ, ਭਾਜਪਾ ਜਗਰਾਉਂ ਦੇ ਜ਼ਿਲ੍ਹਾ ਮੁਖੀ ਗੌਰਵ ਖੁੱਲਰ ਦੇ ਢੋਲਾ ਵਾਲਾ ਚੌਕ ਨੇੜੇ ਕੋਠੀ ਦੇ ਆਸ ਪਾਸ ਗਲੀ ਮੁਹੱਲਿਆਂ ਵਿੱਚ ਪੁਲਿਸ ਤਾਇਨਾਤ ਵੇਖੀ ਗਈ। ਮਜ਼ਦੂਰ ਆਗੂ ਕੰਵਲਜੀਤ ਖੰਨਾ ਨੇ ਦੋਸ਼ ਲਾਇਆ ਕਿ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਚੱਲ ਰਹੀ ਮੋਦੀ ਸਰਕਾਰ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਹਨ। ਕੰਵਲਜੀਤ ਖੰਨਾ ਨੇ ਕਿਹਾ ਕਿ ਮੋਦੀ ਸਰਕਾਰ ਸੰਘਰਸ਼ਸ਼ੀਲ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ ਅਤੇ ਇਸ ਕਾਨੂੰਨ ਨੂੰ ਰੱਦ ਕਰਨ ਤੋਂ ਇਨਕਾਰ ਕਰ ਰਹੀ ਹੈ। ਮਜ਼ਦੂਰ ਆਗੂ ਖੰਨਾ ਨੇ ਕਿਹਾ ਕਿ ਸ਼ਨੀਵਾਰ ਨੂੰ ਸਥਾਨਕ ਭਾਜਪਾ ਨੇਤਾਵਾਂ ਦੇ ਘਰਾਂ ਸਾਹਮਣੇ ਇਨ੍ਹਾਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਮਾਇਆਵਤੀ ਦਾ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਹਮਲਾ, ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣਾ ਨਿੰਦਣਯੋਗ