ਚੰਡੀਗੜ੍ਹ : ਏਐਸਆਈ ਦੀ ਸ਼ਿਕਾਇਤ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਅੱਜ ਰਾਕੇਸ਼ ਟਿਕੈਤ ਸਣੇ ਕਿਸਾਨ ਸਦਰ ਥਾਣੇ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਵੱਡਾ ਐਲਾਨ ਕੀਤਾ ਕਿ ਕੱਲ੍ਹ ਹਰਿਆਣਾ ਦੇ ਸਾਰੇ ਥਾਣਿਆਂ ਵਿਚ 4 ਘੰਟੇ ਘਿਰਾਓ ਕੀਤਾ ਜਾਵੇਗਾ।
ਕਿਸਾਨ ਆਗੂਆਂ ਨੇ ਚਾਰ ਜ਼ਿਲ੍ਹਿਆਂ ਫਤਿਆਬਾਦ, ਹਿਸਾਰ, ਸਿਰਸਾ ਅਤੇ ਜੀਂਦ ਦੇ ਕਿਸਾਨਾਂ ਨੂੰ ਟੋਹਾਣਾ ਪਹੁੰਚਣ ਦਾ ਸੱਦਾ ਦਿੱਤਾ। ਇਸ ਤੋਂ ਉਮੀਦ ਹੈ ਕਿ ਕੱਲ੍ਹ ਵੱਡੀ ਗਿਣਤੀ ਵਿੱਚ ਕਿਸਾਨ ਟੋਹਾਣਾ ਇਕੱਠੇ ਹੋਣਗੇ।
ਦੱਸਣਯੋਗ ਹੈ ਕਿ ਅੱਜ ਸਵੇਰ ਤੋਂ ਹੀ ਸਦਰ ਥਾਣਾ ਟੋਹਾਣਾ ਵਿਚ ਕਿਸਾਨਾਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ। ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹੁਣ ਉਹ ਟੋਹਾਣਾ ਤੋਂ ਸਾਰਾ ਮਾਮਲਾ ਨਿਪਟਾਉਣ ਤੋਂ ਬਾਅਦ ਹੀ ਜਾਣਗੇ, ਚਾਹੇ ਉਸਨੂੰ ਇੱਥੇ ਕਿੰਨੇ ਦਿਨ ਵੀ ਬੈਠਣਾ ਪਏ। ਗੁਰਨਾਮ ਚਢੂਨੀ, ਯੋਗੇਂਦਰ ਯਾਦਵ, ਜੋਗਿੰਦਰ ਨੈਨ ਸਮੇਤ ਸੰਯੁਕਤ ਕਿਸਾਨ ਮੋਰਚੇ ਦੇ ਬਹੁਤ ਸਾਰੇ ਆਗੂ ਵੀ ਮੌਜੂਦ ਰਹੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦੋ ਕਿਸਾਨ ਨੇਤਾਵਾਂ ਨੂੰ ਰਿਹਾਅ ਨਾ ਕਰਨ ਕਰਕੇ ਰਾਕੇਸ਼ ਟਿਕੈਤ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਢੂਨੀ, ਯੋਗੇਂਦਰ ਯਾਦਵ, ਯੁਧਵੀਰ ਸਿੰਘ, ਜੋਗਿੰਦਰ ਨੈਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰ ਵੀ ਟੋਹਾਣਾ ਗ੍ਰਿਫਤਾਰੀ ਦੇਣ ਪਹੁੰਚੇ। ਟੋਹਾਣਾ ਦੀ ਅਨਾਜ ਮੰਡੀ ਵਿੱਚ ਦੋ ਹਜ਼ਾਰ ਤੋਂ ਵੱਧ ਕਿਸਾਨ ਵੀ ਇਕੱਠੇ ਹੋਏ। ਇਸ ਤੋਂ ਬਾਅਦ ਕਿਸਾਨ ਸਦਰ ਥਾਣੇ ਗਏ ਅਤੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ : Haryana Breaking : ਹਰਿਆਣਾ ਸਰਕਾਰ ਨੇ ਫਿਰ ਵਧਾਇਆ ਲੌਕਡਾਊਨ, ਲੋਕਾਂ ਨੂੰ ਦਿੱਤੀਆਂ ਇਹ ਛੋਟਾਂ
ਦੋਵਾਂ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨ ਨੇਤਾਵਾਂ ਦੀ ਅੱਜ ਪ੍ਰਸ਼ਾਸਨ ਨਾਲ ਗੱਲਬਾਤ ਹੋਈ। ਹਾਲਾਂਕਿ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਬਾਅਦ ਰਾਕੇਸ਼ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ ਨਹੀਂ ਛੱਡਿਆ ਜਾਵੇਗਾ, ਪ੍ਰਦਰਸ਼ਨ ਜਾਰੀ ਰਹੇਗਾ। ਕਿਸਾਨਾਂ ਨੇ ਸਥਾਨਕ ਜੇਜੇਪੀ ਵਿਧਾਇਕ ਦਵਿੰਦਰ ਬਬਲੀ ‘ਤੇ ਕਥਿਤ ਰੂਪ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਵਿਰੁੱਧ ਵੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਹਾਲਾਂਕਿ, ਬਾਅਦ ‘ਚ ਬਬਲੀ ਨੇ ਕਿਸਾਨਾਂ ਦੇ ਵਿਰੁੱਧ ਉਚਿਤ ਸ਼ਬਦ ਕਹਿਣ ਲਈ ਮਾਫੀ ਮੰਗੀ ਸੀ।