ਜਲੰਧਰ : ਅੱਜ ਅਜਿਹਾ ਸਮਾਂ ਚੱਲ ਰਿਹਾ ਹੈ, ਜਿਥੇ ਜ਼ਮੀਨ-ਜਾਇਦਾਦ ਲਈ ਇੱਕੋ ਮਾਂ ਦੇ ਜਾਇਆਂ ਦਾ ਖੂਨ ਹੀ ਸੁੱਕ ਚੁੱਕਾ ਹੈ ਅਤੇ ਇਸ ਦੇ ਲਈ ਆਪਣਾ ਹੀ ਭਰਾ ਖੂਨ ਦਾ ਪਿਆਸਾ ਹੋ ਗਿਆ। ਮਾਮਲਾ ਜਲੰਧਰ ਅਧੀਨ ਪੈਂਦੇ ਪਿੰਡ ਚੀਮਾ ਦਾ ਹੈ। ਵੰਡ ਨੂੰ ਲੈ ਕੇ ਦੋਵਾਂ ਭਰਾਵਾਂ ਵਿੱਚ ਅਣ-ਬਣ ਚੱਲ ਰਹੀ ਸੀ, ਜਿਸ ਤੋਂ ਬਾਅਦ ਜਦੋਂ ਪਤਵੰਤਿਆਂ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾਇਆ ਤਾਂ ਛੋਟੇ ਨੇ ਧਮਕੀ ਦਿੱਤੀ ਕਿ ਉਹ ਉਸਨੂੰ ਮਾਰ ਦੇਵੇਗਾ।
ਫਿਰ ਮੌਕਾ ਵੇਖ ਕੇ ਉਸਨੇ ਰਾਤ ਦੇ ਹਨੇਰੇ ਵਿੱਚ ਗੰਡਾਸਾ ਮਾਰ ਕੇ ਆਪਣੇ ਭਰਾ ਦਾ ਸਿਰ ਪਾੜ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿਚ ਵੱਡੇ ਭਰਾ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਬਿਆਨ ਦਰਜ ਕਰਕੇ ਛੋਟੇ ਭਰਾ ਖਿਲਾਫ ਕਾਤਲਾਨਾ ਹਮਲੇ ਦਾ ਕੇਸ ਦਰਜ ਕਰ ਲਿਆ ਹੈ।
ਚਰਨਜੀਤ ਸਿੰਘ ਨੇ ਦੱਸਿਆ ਕਿ ਰਾਤ 8.30 ਵਜੇ ਉਹ ਆਪਣੇ ਤਾਏ ਦੇ ਮੁੰਡੇ ਕੁਲਵਿੰਦਰ ਸਿੰਘ ਦੇ ਘਰ ਤੋਂ ਪਰਤ ਰਿਹਾ ਸੀ। ਜਦੋਂ ਉਹ ਸਾਈਕਲ ‘ਤੇ ਆਪਣੇ ਛੋਟੇ ਭਰਾ ਅਮਰਜੀਤ ਸਿੰਘ ਦੇ ਘਰ ਨੇੜੇ ਪਹੁੰਚਿਆ ਤਾਂ ਉਹ ਪਹਿਲਾਂ ਹੀ ਉਥੇ ਖੜਾ ਸੀ। ਉਸ ਨੇ ਗੰਡਾਸੇ ਨਾਲ ਉਸ ’ਤੇ ਹਮਲਾ ਕਰ ਦਿੱਤਾ, ਜੋ ਉਸਦੇ ਸਿਰ ’ਤੇ ਲੱਗਾ। ਫਿਰ ਦੋਸ਼ੀ ਭਰਾ ਇਸ ਤੋਂ ਬਾਅਦ ਆਪਣੇ ਘਰ ਵਿੱਚ ਵੜ ਗਿਆ। ਗੰਡਾਸੇ ਦੇ ਹਮਲੇ ਨਾਲ ਉਹ ਬੇਹੋਸ਼ ਹੋ ਕੇ ਉਥੇ ਡਿੱਗ ਗਿਆ। ਇਸ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਤਰਨਵੀਰ ਸਿੰਘ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਇਹ ਵੀ ਪੜ੍ਹੋ : ਮੋਹਾਲੀ : Remedevsiver ਤੇ Amphonex ਇੰਜੈਕਸ਼ਨਾਂ ਦੇ ਨਾਂ ‘ਤੇ ਮਰੀਜ਼ਾਂ ਨਾਲ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼
ਚਰਨਜੀਤ ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਘਰ ਅਤੇ ਜ਼ਮੀਨ ਦੀ ਵੰਡ ਨੂੰ ਲੈ ਕੇ ਚੱਲ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦੀ ਬੋਲਚਾਲ ਬੰਦ ਹੋ ਗਈ। ਇਸ ਤੋਂ ਬਾਅਦ ਪਿੰਡ ਦੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ। ਉਸ ਦੇ ਭਰਾ ਅਮਰਜੀਤ ਨੇ ਉਥੇ ਕਿਹਾ ਸੀ ਕਿ ਉਹ ਉਸ ਨੂੰ ਮਾਰ ਦੇਵੇਗਾ। ਇਸ ਦੁਸ਼ਮਣੀ ਦੇ ਕਾਰਨ ਉਸਨੇ ਗੰਡਾਸੇ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।