ਗੁਰੂ-ਘਰ ਦਾ ਬਿਰਦ ਹੈ ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ॥ ਇਹ ਵਾਕ ਸ੍ਰੀ ਗੁਰੂ ਹਰਿਰਾਇ ਜੀ ‘ਤੇ ਪੂਰਾ ਢੁਕਦਾ ਹੈ। ਗੁਰੂ ਹਰਿਰਾਇ ਜੀ ਬਹੁਤ ਦਿਆਲੂ ਸਨ। ਕਿਸੇ ਸਵਾਲੀ ਜਾਂ ਸ਼ਰਨ ਆਏ ਨੂੰ ਕਦੇ ਜਵਾਬ ਨਹੀਂ ਸਨ ਦਿੰਦੇ। ਗੁਰੂ ਜੀ ਦੇ ਖਜ਼ਾਨੇ ਵਿੱਚ ਬਹੁਤ ਦੁਰਲੱਭ ਅਤੇ ਕੀਮਤੀ ਚੀਜ਼ਾਂ ਜਮ੍ਹਾਂ ਹੋ ਗਈਆਂ ਸਨ। ਸੰਗਤਾਂ ਵੱਲੋਂ ਭੇਟ ਕੀਤੇ ਕੀਮਤੀ ਪਦਾਰਥ ਵਿਸ਼ੇਸ਼ ਤੌਰ ’ਤੇ ਸੰਭਾਲੇ ਜਾਂਦੇ ਸਨ ਕਿਉਂਕਿ ਇਨ੍ਹਾਂ ਨਾਲ ਕਿਸੇ ਦੀ ਵੀ ਸਹਾਇਤਾ ਕੀਤੀ ਜਾ ਸਕਦੀ ਸੀ।
ਇੱਕ ਵਾਰ ਬਾਦਸ਼ਾਹ ਸ਼ਾਹ ਜਹਾਨ ਦਾ ਬੇਟਾ ਦਾਰਾ ਸ਼ਿਕੋਹ ਬਹੁਤ ਬੀਮਾਰ ਹੋ ਗਿਆ। ਗੁਰੂ ਦੀ ਸਹਾਇਤਾ ਨਾਲ ਤੇ ਹਕੀਮਾਂ ਦੀ ਕੋਸ਼ਿਸ ਨਾਲ ਦਾਰਾ ਸ਼ਿਕੋਹ ਤੰਦਰੁਸਤ ਹੋ ਗਿਆ। 1707 ਈ: ਵਿੱਚ ਦਾਰਾ ਸ਼ਿਕੋਹ ਲਾਹੌਰ ਨੂੰ ਜਾਂਦਾ ਹੋਇਆ ਗੁਰੂ ਜੀ ਦਾ ਧੰਨਵਾਦ ਕਰਨ ਲਈ ਕੀਰਤਪੁਰ ਸਾਹਿਬ ਵਿਖੇ ਆਇਆ। ਮੁਗਲ ਸਲਤਨਤ ਨਾਲ ਭਾਵੇਂ ਗੁਰੂ-ਘਰ ਦੇ ਸੰਬੰਧ ਬਾਬਰ ਦੇ ਸਮੇਂ ਤੋਂ ਹੀ ਟਕਰਾਉ ਵਾਲੇ ਹੋ ਚੁੱਕੇ ਸਨ ਅਤੇ ਸ਼ਾਹ ਜਹਾਨ ਦੇ ਪਿਤਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ ਸੀ ਅਤੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸਹਿ ਅਤੇ ਅਕਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਸੀ।
ਗੁਰੂ ਅਕਾਲ ਰੂਪ ਹੈ ਜੋ ਸਦ ਪਰਉਪਕਾਰੀ ਹੈ। ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਗੁਰੂ ਜੀ ਨੇ ਉਨ੍ਹਾਂ ਦੀ ਲੋੜ ਵੀ ਪੂਰੀ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਚਾਲੂ ਪਰੰਪਰਾਵਾਂ ਅਨੁਸਾਰ ਗੁਰੂ-ਘਰ ਵਿੱਚ ਆਤਮਿਕ ਉਪਦੇਸ਼ ਦੇ ਨਾਲ-ਨਾਲ ਸ਼ਰਧਾਲੂਆਂ ਦੇ ਸਰੀਰਕ ਰੋਗਾਂ ਦੇ ਇਲਾਜ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀ। ਨੌਜੁਆਨਾਂ ਨੂੰ ਸਿਹਤਯਾਬ, ਰਿਸ਼ਟਪੁਸ਼ਟ ਰੱਖਣ ਲਈ ਗੁਰੂ ਜੀ ਨੇ ਮੱਲ ਅਖਾੜਿਆਂ ਦੀ ਸਰਪ੍ਰਸਤੀ ਵੀ ਕੀਤੀ। ਕੁਠਾੜ ਵਾਲਾ ਰਾਣਾ ਗੁਰੂ ਜੀ ਦਾ ਜੱਸ ਸੁਣ ਕੇ ਗੁਰੂ ਜੀ ਦੀ ਸ਼ਰਣ ਵਿੱਚ ਆਇਆ। ਉਹ ਝੋਲੇ ਦਾ ਮਰੀਜ਼ ਸੀ। ਉਹ ਪਾਲਕੀ ਵਿੱਚ ਬੈਠ ਕੇ ਆਇਆ ਸੀ। ਗੁਰੂ ਜੀ ਦੀ ਕਿਰਪਾ ਨਾਲ ਠੀਕ ਹੋ ਗਿਆ ਅਤੇ ਘੋੜੇ ਉੱਤੇ ਸਵਾਰ ਹੋ ਕੇ ਘਰ ਗਿਆ।
ਇਹ ਵੀ ਪੜ੍ਹੋ : ਜਾਣੋ ਸ੍ਰੀ ਗੁਰੂ ਅਰਜੁਨ ਦੇਵ ਜੀ ਨੂੰ ਕਿਉਂ ਕਿਹਾ ਜਾਂਦਾ ਹੈ ਦੋਹਿਤਾ ਬਾਣੀ ਕਾ ਬੋਹਿਥਾ…